ਤਾਜਾ ਖਬਰਾਂ
ਸਿੱਖਾਂ ਦੀ ਸਰਵੋਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਨੁੱਖੀ ਅਧਿਕਾਰਾਂ ਦੇ ਆਗੂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫ਼ਿਲਮ 'ਸਤਲੁਜ' ਦੇ ਭਾਰਤ ਅੰਦਰ ਪ੍ਰਸਾਰਣ 'ਤੇ ਲਾਈ ਗਈ ਰੋਕ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਥੇਦਾਰ ਨੇ ਸਰਕਾਰ ਦੇ ਇਸ ਕਦਮ ਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਜਿੱਥੇ ਪੂਰੀ ਦੁਨੀਆ ਅੰਦਰ ਮਨੁੱਖੀ ਹੱਕਾਂ ਦੀ ਰਾਖੀ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਭਾਰਤ ਅੰਦਰ ਘੱਟ-ਗਿਣਤੀ ਸਿੱਖ ਭਾਈਚਾਰੇ 'ਤੇ ਹੋਏ ਸਰਕਾਰੀ ਜ਼ੁਲਮ ਦੇ ਸੱਚ ਨੂੰ ਦਬਾਉਣਾ ਪੂਰੀ ਤਰ੍ਹਾਂ ਗ਼ੈਰ-ਸੰਵਿਧਾਨਕ ਅਤੇ ਪੱਖਪਾਤੀ ਰਵੱਈਆ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ 1990ਵਿਆਂ ਦੇ ਕਾਲੇ ਦੌਰ ਦੌਰਾਨ ਜਦੋਂ ਪੰਜਾਬ ਅੰਦਰ ਨੌਜਵਾਨਾਂ ਦਾ ਲਹੂ ਵਹਾਇਆ ਗਿਆ ਅਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਤਾਂ ਭਾਈ ਖਾਲੜਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅਣਥੱਕ ਮਿਹਨਤ ਕਰਕੇ ਉਸ ਕਤਲੇਆਮ ਦੇ ਪੁਖ਼ਤਾ ਵੇਰਵੇ ਦੁਨੀਆ ਸਾਹਮਣੇ ਲਿਆਂਦੇ ਸਨ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਦੇਸ਼ ਅੰਦਰ ਬਹੁ-ਗਿਣਤੀ ਵਰਗ 'ਤੇ ਹੋਏ ਤਸ਼ੱਦਦ ਨੂੰ ਦਿਖਾਉਂਦੀਆਂ ਫ਼ਿਲਮਾਂ ਬਿਨਾਂ ਕਿਸੇ ਰੋਕ-ਟੋਕ ਦੇ ਸਿਨੇਮਾਘਰਾਂ ਵਿੱਚ ਚੱਲ ਸਕਦੀਆਂ ਹਨ, ਤਾਂ ਸਿੱਖਾਂ ਦੇ ਦਰਦ ਨੂੰ ਬਿਆਨ ਕਰਦੀ ਇਸ ਫ਼ਿਲਮ ਦੀ ਆਵਾਜ਼ ਨੂੰ ਕਿਉਂ ਦਬਾਇਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਸੱਚ ਨੂੰ ਸਲਾਖਾਂ ਪਿੱਛੇ ਕੈਦ ਨਹੀਂ ਕੀਤਾ ਜਾ ਸਕਦਾ, ਉਹ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਆ ਕੇ ਹੀ ਰਹਿੰਦਾ ਹੈ।
ਸਿੰਘ ਸਾਹਿਬ ਨੇ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਹਾਕਮਾਂ ਨੂੰ ਆਪਣਾ ਦਿਲ ਵੱਡਾ ਕਰਨਾ ਚਾਹੀਦਾ ਹੈ ਅਤੇ ਭਾਈ ਖਾਲੜਾ ਵੱਲੋਂ ਬੇਪਰਦ ਕੀਤੇ ਸੱਚ ਨੂੰ ਦੇਸ਼ ਵਾਸੀਆਂ ਦੇ ਸਾਹਮਣੇ ਆਉਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦਾ ਜੋ ਸੱਚ ਫ਼ਿਲਮ ਵਿੱਚ ਦਿਖਾਇਆ ਗਿਆ ਹੈ, ਉਹ ਕੋਈ ਕਲਪਨਾ ਨਹੀਂ ਹੈ, ਬਲਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਸਮੇਂ-ਸਮੇਂ 'ਤੇ ਸੁਣਾਏ ਗਏ ਫੈਸਲਿਆਂ ਰਾਹੀਂ ਪਹਿਲਾਂ ਹੀ ਸਾਬਤ ਹੋ ਚੁੱਕਾ ਹੈ। ਅਦਾਲਤ ਨੇ ਖੁਦ ਕਈ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦੇ ਕੇ ਜੇਲ੍ਹ ਭੇਜਿਆ ਹੈ, ਇਸ ਲਈ ਸਰਕਾਰ ਨੂੰ ਪੰਜਾਬ ਅਤੇ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਭਰੀ ਪਹੁੰਚ ਬਦਲਣੀ ਪਵੇਗੀ।
ਅਖੀਰ ਵਿੱਚ ਜਥੇਦਾਰ ਗੜਗੱਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜੂਨ 1984 ਤੋਂ ਬਾਅਦ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲਿਆਂ ਵਿੱਚ ਇੱਕ ਸੁਹਿਰਦ ਅਤੇ ਸੰਜੀਦਾ ਨੀਤੀ ਅਪਣਾਏ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਸਿੱਖਾਂ ਨੂੰ ਇਨਸਾਫ਼ ਦੇ ਕੇ ਉਨ੍ਹਾਂ ਦੇ ਹਿਰਦਿਆਂ ਨੂੰ ਸ਼ਾਂਤ ਕਰਨਾ ਹੈ, ਨਾ ਕਿ ਅਜਿਹੀਆਂ ਫ਼ਿਲਮਾਂ 'ਤੇ ਪਾਬੰਦੀਆਂ ਲਗਾ ਕੇ ਸਿੱਖ ਮਨਾਂ ਨੂੰ ਹੋਰ ਵਧੇਰੇ ਠੇਸ ਪਹੁੰਚਾਉਣਾ। ਉਨ੍ਹਾਂ ਮੰਗ ਕੀਤੀ ਕਿ ਫ਼ਿਲਮ 'ਸਤਲੁਜ' ਦੇ ਪ੍ਰਸਾਰਣ ਤੋਂ ਤੁਰੰਤ ਰੋਕ ਹਟਾਈ ਜਾਵੇ ਤਾਂ ਜੋ ਲੋਕਾਂ ਨੂੰ ਇਹ ਸੁਨੇਹਾ ਮਿਲ ਸਕੇ ਕਿ ਜ਼ੁਲਮ ਕਰਨ ਵਾਲਾ ਕਦੇ ਵੀ ਇਤਿਹਾਸ ਦੀ ਅਦਾਲਤ ਤੋਂ ਬਚ ਨਹੀਂ ਸਕਦਾ।
Get all latest content delivered to your email a few times a month.