IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਪੁਰਾਣੀ ਦੋ ਮੰਜ਼ਿਲਾ ਇਮਾਰਤ ਢਹਿ-ਢੇਰੀ,...

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਪੁਰਾਣੀ ਦੋ ਮੰਜ਼ਿਲਾ ਇਮਾਰਤ ਢਹਿ-ਢੇਰੀ, 5 ਲੋਕ ਬਚਾਏ; ਮਲਬੇ ਹੇਠ ਫਸੇ ਹੋਰਾਂ ਦੀ ਭਾਲ ਜਾਰੀ

Admin User - Jul 04, 2026 07:45 PM
IMG

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸ਼ਨੀਵਾਰ ਨੂੰ ਇੱਕ ਪੁਰਾਣੀ ਦੋ ਮੰਜ਼ਿਲਾ ਇਮਾਰਤ ਅਚਾਨਕ ਢਹਿ ਜਾਣ ਕਾਰਨ ਹੜਕੰਪ ਮਚ ਗਿਆ। ਹਾਦਸੇ ਵੇਲੇ ਇਮਾਰਤ ਅੰਦਰ ਮਾਲਕ ਸਮੇਤ ਕਈ ਮਜ਼ਦੂਰ ਮੌਜੂਦ ਸਨ, ਜਿਸ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ। ਸੂਚਨਾ ਮਿਲਦਿਆਂ ਹੀ ਪੁਲਿਸ, ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ NDRF ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ।

ਰਾਹਤ ਟੀਮਾਂ ਨੇ ਹੁਣ ਤੱਕ ਮਲਬੇ ਹੇਠੋਂ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਹਾਦਸੇ ਤੋਂ ਬਚੇ ਰਮੇਸ਼ ਨੇ ਦੱਸਿਆ ਕਿ ਘਟਨਾ ਵੇਲੇ ਇਮਾਰਤ ਦੇ ਅੰਦਰ ਕਰੀਬ 20 ਤੋਂ 25 ਲੋਕ ਮੌਜੂਦ ਸਨ। ਉਸ ਮੁਤਾਬਕ ਸ਼ਾਮ ਕਰੀਬ 4:20 ਵਜੇ ਅਚਾਨਕ ਭੂਚਾਲ ਵਰਗਾ ਜ਼ੋਰਦਾਰ ਝਟਕਾ ਮਹਿਸੂਸ ਹੋਇਆ, ਜਿਸ ਤੋਂ ਬਾਅਦ ਪੂਰੀ ਇਮਾਰਤ ਢਹਿ ਗਈ ਅਤੇ ਅੰਦਰ ਮੌਜੂਦ ਲੋਕ ਮਲਬੇ ਹੇਠ ਫਸ ਗਏ।

ਬਚਾਅ ਕਾਰਜ ਨੂੰ ਤੇਜ਼ ਕਰਨ ਲਈ JCB ਮਸ਼ੀਨਾਂ ਦੀ ਮਦਦ ਨਾਲ ਡਿੱਗੇ ਲੈਂਟਰ ਨੂੰ ਹਟਾਇਆ ਜਾ ਰਿਹਾ ਹੈ, ਤਾਂ ਜੋ ਮਲਬੇ ਹੇਠ ਫਸੇ ਲੋਕਾਂ ਤੱਕ ਹਵਾ ਪਹੁੰਚ ਸਕੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। NDRF ਦੀਆਂ ਟੀਮਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਚਾਅ ਟੀਮਾਂ ਦੇ ਅਨੁਸਾਰ ਮਲਬੇ ਹੇਠ ਅਜੇ ਵੀ ਦੋ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਇਮਾਰਤ ਦਾ ਮਾਲਕ ਅਤੇ ਇੱਕ ਮਜ਼ਦੂਰ ਸ਼ਾਮਲ ਹਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਲਗਾਤਾਰ ਜਾਰੀ ਹਨ।

ਐਸਪੀ ਚਾਵਲਾ ਨੇ ਦੱਸਿਆ ਕਿ ਇਹ ਇਮਾਰਤ ਇੰਡਸਟਰੀਅਲ ਏਰੀਆ ਦੇ ਪਲਾਟ ਨੰਬਰ 28/9 'ਤੇ ਸਥਿਤ ਸੀ, ਜਿੱਥੇ ਸਕ੍ਰੈਪ ਦਾ ਕੰਮ ਕੀਤਾ ਜਾਂਦਾ ਸੀ। ਸ਼ੁਰੂਆਤੀ ਜਾਂਚ ਮੁਤਾਬਕ ਇਮਾਰਤ ਕਾਫ਼ੀ ਪੁਰਾਣੀ ਹੋਣ ਕਾਰਨ ਇਸ ਦੀ ਛੱਤ ਢਹਿ ਗਈ, ਜਿਸ ਨਾਲ ਇਹ ਵੱਡਾ ਹਾਦਸਾ ਵਾਪਰਿਆ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮਾਨਸੂਨ ਦੀ ਆਮਦ ਤੋਂ ਬਾਅਦ ਚੰਡੀਗੜ੍ਹ ਵਿੱਚ ਇਹ ਦੋ ਦਿਨਾਂ ਅੰਦਰ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਇੱਕ ਦਿਨ ਪਹਿਲਾਂ, 3 ਜੁਲਾਈ ਨੂੰ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (CCET) ਦੇ ਪੁਰਾਣੇ ਮਲਟੀਪਰਪਜ਼ ਹਾਲ ਦੀ ਛੱਤ ਵੀ ਮੀਂਹ ਦੌਰਾਨ ਢਹਿ ਗਈ ਸੀ। ਹਾਲਾਂਕਿ, ਉਸ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਘੋਸ਼ਿਤ ਕਰਕੇ ਖਾਲੀ ਕਰਵਾ ਲਿਆ ਗਿਆ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤਾਜ਼ਾ ਹਾਦਸੇ ਤੋਂ ਬਾਅਦ ਸ਼ਹਿਰ ਦੀਆਂ ਪੁਰਾਣੀਆਂ ਅਤੇ ਖਸਤਾ ਹਾਲਤ ਵਾਲੀਆਂ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.