ਤਾਜਾ ਖਬਰਾਂ
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (PU) ਨੇ ਵਾਤਾਵਰਣ ਸੰਭਾਲ ਅਤੇ ਈਂਧਨ ਦੀ ਬਚਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਹਿਲ ਕੀਤੀ ਹੈ। ਯੂਨੀਵਰਸਿਟੀ ਨੇ "ਸੇਵ ਪੀਯੂ ਮੁਹਿੰਮ" ਤਹਿਤ ਫੈਸਲਾ ਕੀਤਾ ਹੈ ਕਿ ਹੁਣ ਹਰ ਬੁੱਧਵਾਰ ਨੂੰ ਕੈਂਪਸ ਵਿੱਚ "ਵਾਹਨ-ਮੁਕਤ ਦਿਵਸ" ਮਨਾਇਆ ਜਾਵੇਗਾ। ਇਸ ਦਿਨ ਵਿਦਿਆਰਥੀਆਂ, ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ ਨੂੰ ਨਿੱਜੀ ਵਾਹਨਾਂ ਦੀ ਵਰਤੋਂ ਤੋਂ ਪਰਹੇਜ਼ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਕੈਂਪਸ ਵਿੱਚ ਪ੍ਰਦੂਸ਼ਣ ਅਤੇ ਟ੍ਰੈਫਿਕ ਨੂੰ ਘਟਾਇਆ ਜਾ ਸਕੇ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਪਹਿਲ ਨੂੰ ਸਫਲ ਬਣਾਉਣ ਲਈ ਕੈਂਪਸ ਅੰਦਰ ਮੁਫ਼ਤ ਸ਼ਟਲ ਬੱਸ ਸੇਵਾ ਚਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਈ-ਰਿਕਸ਼ਾ ਵੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਰਿਆਇਤੀ ਦਰਾਂ 'ਤੇ ਉਪਲਬਧ ਹੋਣਗੇ, ਜਿਸ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਪੀਯੂ ਦੇ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਅਧਿਕਾਰਕ ਸਰਕੂਲਰ ਯੂਨੀਵਰਸਿਟੀ ਦੇ ਵੈੱਬ ਪੋਰਟਲ 'ਤੇ ਜਾਰੀ ਕਰ ਦਿੱਤਾ ਗਿਆ ਹੈ। ਨਾਲ ਹੀ, ਕੈਂਪਸ ਵਿੱਚ ਸੇਵਾ ਦੇ ਰਹੇ ਈ-ਰਿਕਸ਼ਾ ਚਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਹਰ ਬੁੱਧਵਾਰ ਨਿਯਮਤ ਅਤੇ ਸੁਚਾਰੂ ਸੇਵਾ ਯਕੀਨੀ ਬਣਾਉਣ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਵਾਜਾਈ ਸਬੰਧੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ ਯੂਨੀਵਰਸਿਟੀ ਦਾ ਸੈਕਟਰ-14 ਅਤੇ ਸੈਕਟਰ-25 ਵਿੱਚ ਫੈਲਿਆ ਕੈਂਪਸ ਲਗਭਗ 550 ਏਕੜ ਰਕਬੇ ਵਿੱਚ ਹੈ। ਇੰਨੇ ਵੱਡੇ ਖੇਤਰ ਵਿੱਚ ਪੈਦਲ ਆਵਾਜਾਈ ਹਰ ਕਿਸੇ ਲਈ ਸੰਭਵ ਨਹੀਂ ਹੁੰਦੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਪ੍ਰਸ਼ਾਸਨ ਨੇ ਸ਼ਟਲ ਬੱਸਾਂ ਅਤੇ ਈ-ਰਿਕਸ਼ਾ ਦੀ ਵਿਵਸਥਾ ਕੀਤੀ ਹੈ। ਇਸ ਦੇ ਨਾਲ ਹੀ ਹੋਸਟਲਾਂ ਦੇ ਬਾਹਰ ਸਾਈਕਲਾਂ ਉਪਲਬਧ ਕਰਵਾਉਣ ਦੀ ਯੋਜਨਾ 'ਤੇ ਵੀ ਵਿਚਾਰ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਖਰੀਦੀਆਂ ਗਈਆਂ ਕਈ ਸਾਈਕਲਾਂ ਰੱਖ-ਰਖਾਅ ਦੀ ਘਾਟ ਕਾਰਨ ਵਰਤੋਂ ਯੋਗ ਨਹੀਂ ਰਹੀਆਂ।
ਯੂਨੀਵਰਸਿਟੀ ਨੇ ਸਿਰਫ਼ ਵਾਹਨਾਂ ਦੀ ਵਰਤੋਂ ਘਟਾਉਣ ਤੱਕ ਹੀ ਆਪਣੀ ਯੋਜਨਾ ਸੀਮਿਤ ਨਹੀਂ ਰੱਖੀ, ਸਗੋਂ ਪ੍ਰਸ਼ਾਸਕੀ ਕੰਮਕਾਜ ਨੂੰ ਵੀ ਵੱਧ ਤੋਂ ਵੱਧ ਡਿਜ਼ੀਟਲ ਬਣਾਉਣ ਦਾ ਫੈਸਲਾ ਕੀਤਾ ਹੈ। ਖੇਤਰੀ ਕੇਂਦਰਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਅਤੇ ਵਿਦਿਆਰਥੀਆਂ ਨਾਲ ਸਲਾਹ-ਮਸ਼ਵਰਾ ਹੁਣ ਜਿੱਥੇ ਸੰਭਵ ਹੋਵੇਗਾ, ਆਨਲਾਈਨ ਕੀਤਾ ਜਾਵੇਗਾ। ਇਸ ਨਾਲ ਬੇਲੋੜੀ ਆਵਾਜਾਈ ਘਟੇਗੀ ਅਤੇ ਈਂਧਨ ਦੀ ਵੀ ਬਚਤ ਹੋਵੇਗੀ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ, ਫੈਕਲਟੀ ਅਤੇ ਗੈਰ-ਅਧਿਆਪਨ ਕਰਮਚਾਰੀਆਂ ਨੂੰ ਕਾਰਪੂਲਿੰਗ ਅਪਣਾਉਣ ਦੀ ਵੀ ਅਪੀਲ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ ਨਿੱਜੀ ਵਾਹਨਾਂ ਨੂੰ ਕੇਵਲ ਨਿਰਧਾਰਤ ਪਾਰਕਿੰਗ ਸਥਾਨਾਂ ਤੱਕ ਹੀ ਆਉਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਬਾਅਦ ਵਿਭਾਗਾਂ ਅਤੇ ਪ੍ਰਸ਼ਾਸਕੀ ਇਮਾਰਤਾਂ ਤੱਕ ਪਹੁੰਚਣ ਲਈ ਸ਼ਟਲ ਬੱਸਾਂ ਜਾਂ ਈ-ਰਿਕਸ਼ਾ ਦੀ ਵਰਤੋਂ ਕਰਨੀ ਪਵੇਗੀ। ਜੇਕਰ ਵਿਕਲਪਿਕ ਆਵਾਜਾਈ ਉਪਲਬਧ ਹੋਵੇਗੀ ਤਾਂ ਕੈਂਪਸ ਦੇ ਅੰਦਰ ਨਿੱਜੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।
ਪੰਜਾਬ ਯੂਨੀਵਰਸਿਟੀ ਦਾ ਇਹ ਕਦਮ ਨਾ ਸਿਰਫ਼ ਪ੍ਰਦੂਸ਼ਣ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਯਤਨ ਹੈ, ਸਗੋਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਟਿਕਾਊ ਆਵਾਜਾਈ ਦੇ ਸਾਧਨਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਸ਼ਲਾਘਾਯੋਗ ਪਹਿਲ ਮੰਨੀ ਜਾ ਰਹੀ ਹੈ।
Get all latest content delivered to your email a few times a month.