ਤਾਜਾ ਖਬਰਾਂ
ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਅਤੇ ਸਿਨੇਮਾ ਪ੍ਰੇਮੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ 'ਤੇ ਆਧਾਰਿਤ ਦਿਲਜੀਤ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਆਖ਼ਰਕਾਰ ਤਿੰਨ ਸਾਲਾਂ ਦੇ ਲੰਬੇ ਵਿਵਾਦਾਂ ਅਤੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋ ਗਈ ਹੈ। ਹਾਲਾਂਕਿ, ਫਿਲਮ ਨੂੰ ਸਿਨੇਮਾਘਰਾਂ ਦੀ ਬਜਾਏ ਸਿੱਧਾ ਓ.ਟੀ.ਟੀ. (OTT) ਪਲੇਟਫਾਰਮ 'ਤੇ ਉਤਾਰਿਆ ਗਿਆ ਹੈ ਅਤੇ ਇਸ ਦਾ ਨਾਮ 'ਪੰਜਾਬ 95' ਤੋਂ ਬਦਲ ਕੇ ਹੁਣ 'ਸਤਲੁਜ' ਕਰ ਦਿੱਤਾ ਗਿਆ ਹੈ। ਇਹ ਫਿਲਮ ਇਸੇ ਸ਼ੁੱਕਰਵਾਰ (3 ਜੁਲਾਈ) ਤੋਂ ZEE5 ਪਲੇਟਫਾਰਮ 'ਤੇ ਦਰਸ਼ਕਾਂ ਲਈ ਉਪਲਬਧ ਹੋ ਚੁੱਕੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਨਵੀਂ ਚਰਚਾ ਛੇੜ ਦਿੱਤੀ ਹੈ।
ਫਿਲਮ ਦੀ ਰਿਲੀਜ਼ ਪਿਛਲੇ ਕਈ ਸਾਲਾਂ ਤੋਂ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਨਾਲ ਚੱਲ ਰਹੇ ਵਿਵਾਦ ਕਾਰਨ ਲਟਕ ਰਹੀ ਸੀ। ਜਦੋਂ ਇਹ ਫਿਲਮ ਪਹਿਲੀ ਵਾਰ ਸੈਂਸਰ ਬੋਰਡ ਨੂੰ ਸੌਂਪੀ ਗਈ ਸੀ, ਤਾਂ ਬੋਰਡ ਨੇ ਇਸ ਦੀ ਸੰਵੇਦਨਸ਼ੀਲ ਕਹਾਣੀ ਨੂੰ ਦੇਖਦੇ ਹੋਏ 120 ਬਦਲਾਅ (ਕੱਟ) ਲਗਾਉਣ ਦੀ ਮੰਗ ਕੀਤੀ ਸੀ ਅਤੇ ਇਸ ਦੇ ਪੁਰਾਣੇ ਸਿਰਲੇਖ 'ਪੰਜਾਬ 95' 'ਤੇ ਵੀ ਸਖ਼ਤ ਇਤਰਾਜ਼ ਜਤਾਇਆ ਸੀ। ਫਿਲਮ ਦੇ ਨਿਰਮਾਤਾ ਇਸ ਦੇ ਖ਼ਿਲਾਫ਼ ਕੋਰਟ ਵੀ ਗਏ ਸਨ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਇਸ ਮਾਮਲੇ ਵਿੱਚ ਦਖਲ ਦਿੱਤਾ, ਜਿਸ ਕਾਰਨ ਕੱਟਾਂ ਦੇ ਮਾਮਲੇ ਵਿੱਚ ਕੁਝ ਰਾਹਤ ਤਾਂ ਮਿਲੀ, ਪਰ ਫਿਲਮ ਦਾ ਨਾਂ ਬਦਲਣਾ ਲਾਜ਼ਮੀ ਹੋ ਗਿਆ ਸੀ। ਅਖ਼ੀਰਕਾਰ ਮੇਕਰਸ ਨੇ ਇਸ ਨੂੰ 'ਸਤਲੁਜ' ਨਾਮ ਹੇਠ ਰਿਲੀਜ਼ ਕਰਨ ਦਾ ਫੈਸਲਾ ਕੀਤਾ।
ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਪਹਿਲਾ ਅਧਿਕਾਰਤ ਟ੍ਰੇਲਰ ਸਾਲ 2022 ਵਿੱਚ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ, ਪਰ ਵਿਵਾਦ ਵਧਣ ਦੇ ਡਰੋਂ ਇਸ ਨੂੰ ਮਹਿਜ਼ ਇੱਕ ਦਿਨ ਦੇ ਅੰਦਰ ਹੀ ਪਲੇਟਫਾਰਮ ਤੋਂ ਹਟਾ ਲਿਆ ਗਿਆ ਸੀ। ਪਿਛਲੇ ਸਾਲ ਫਰਵਰੀ ਵਿੱਚ ਵੀ ਇਸ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਤਿਆਰੀ ਸੀ, ਪਰ ਐਨ ਮੌਕੇ 'ਤੇ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ।
ਹਨੀ ਤ੍ਰੇਹਾਨ ਦੁਆਰਾ ਨਿਰਦੇਸ਼ਿਤ ਇਸ ਬਿਹਤਰੀਨ ਫਿਲਮ ਵਿੱਚ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਮੁੱਖ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੇ ਨਾਲ ਫਿਲਮ ਵਿੱਚ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ, ਗੀਤਿਕਾ ਵਿਦਿਆ ਓਹਲਿਆਨ, ਸੁਵਿੰਦਰ ਵਿੱਕੀ, ਕੰਵਰਜੀਤ ਸਿੰਘ ਅਤੇ ਵਰੁਣ ਬਡੋਲਾ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਦੇਰੀ ਨਾਲ ਹੀ ਸਹੀ, ਪਰ ਓ.ਟੀ.ਟੀ 'ਤੇ ਫਿਲਮ ਦੇ ਆਉਣ ਨਾਲ ਦਰਸ਼ਕਾਂ ਵਿੱਚ ਇਸ ਗੰਭੀਰ ਵਿਸ਼ੇ ਨੂੰ ਦੇਖਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
Get all latest content delivered to your email a few times a month.