ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਦੋ ਵੱਡੇ ਨਾਵਾਂ— ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਾਇਕ ਕਰਨ ਔਜਲਾ ਅਤੇ ਰੈਪਰ ਸੁਲਤਾਨ— ਵਿਚਾਲੇ ਚੱਲ ਰਹੀ ਜ਼ੁਬਾਨੀ ਜੰਗ ਨੇ ਇੰਡਸਟਰੀ ਦਾ ਸਿਆਸੀ ਪਾਰਾ ਗਰਮ ਕਰ ਦਿੱਤਾ ਹੈ। ਰੈਪਰ ਸੁਲਤਾਨ ਵੱਲੋਂ ਲਗਾਏ ਗਏ ਕਥਿਤ ਦੋਸ਼ਾਂ ਤੋਂ ਬਾਅਦ ਹੁਣ ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਬੇਹੱਦ ਤਿੱਖਾ ਅਤੇ ਠੋਕਵਾਂ ਜਵਾਬ ਦਿੱਤਾ ਹੈ। ਔਜਲਾ ਨੇ ਆਪਣੇ ਵਿਰੋਧੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਫ਼ਜ਼ੂਲ ਦੀਆਂ ਗੱਲਾਂ ਵਿੱਚ ਪੈਣ ਦੀ ਬਜਾਏ ਆਪਣੀ ਮਿਹਨਤ 'ਤੇ ਭਰੋਸਾ ਰੱਖਦੇ ਹਨ।
ਆਪਣੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੁੰਦਿਆਂ ਕਰਨ ਔਜਲਾ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਜ਼ਿੰਦਗੀ ਵਿੱਚ ਸਿਰਫ਼ ਆਪਣੀ ਮਿਹਨਤ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੀ ਸਫ਼ਲਤਾ ਦਾ ਆਨੰਦ ਲੈਣਾ ਚਾਹੀਦਾ ਹੈ, ਕਿਉਂਕਿ ਦੁਨੀਆ ਦਾ ਕੰਮ ਸਿਰਫ਼ ਗੱਲਾਂ ਕਰਨਾ ਹੈ। "ਜਦੋਂ ਤੁਸੀਂ ਤਰੱਕੀ ਕਰਦੇ ਹੋ, ਤਾਂ ਕੁਝ ਲੋਕ ਤੁਹਾਨੂੰ ਹੇਠਾਂ ਡੇਗਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਅਜਿਹੇ ਲੋਕਾਂ ਨੂੰ ਅੱਗੋਂ ਬੋਲ ਕੇ ਜਵਾਬ ਦੇਣ ਦੀ ਬਜਾਏ, ਆਪਣੇ ਕੰਮ ਅਤੇ ਕਾਮਯਾਬੀ ਨਾਲ ਜਵਾਬ ਦੇਣਾ ਸਭ ਤੋਂ ਬਿਹਤਰ ਹੁੰਦਾ ਹੈ।"
ਜ਼ਿਕਰਯੋਗ ਹੈ ਕਿ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਰੈਪਰ ਸੁਲਤਾਨ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋਈ। ਇਸ ਵੀਡੀਓ ਵਿੱਚ ਸੁਲਤਾਨ ਨੇ ਕਰਨ ਔਜਲਾ 'ਤੇ ਕਈ ਹੈਰਾਨੀਜਨਕ ਅਤੇ ਸੰਗੀਨ ਇਲਜ਼ਾਮ ਲਗਾਏ ਸਨ। ਸੁਲਤਾਨ ਨੇ ਦਾਅਵਾ ਕੀਤਾ ਸੀ ਕਿ ਕਰਨ ਔਜਲਾ ਦੇ ਘਰ 'ਤੇ ਵੀ ਗੋਲੀਆਂ ਚੱਲ ਚੁੱਕੀਆਂ ਹਨ। ਇਸ ਤੋਂ ਵੀ ਅੱਗੇ ਜਾਂਦਿਆਂ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਲਈ ਵੀ ਕਥਿਤ ਤੌਰ 'ਤੇ ਕਰਨ ਔਜਲਾ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। ਵੀਡੀਓ ਵਿੱਚ ਸੁਲਤਾਨ ਇਹ ਕਹਿੰਦਾ ਸੁਣਿਆ ਗਿਆ ਸੀ ਕਿ ਉਹ ਜੋ ਵੀ ਕਰਦੇ ਹਨ, ਸ਼ਰੇਆਮ ਕਰਦੇ ਹਨ।
ਕਲਾਕਾਰਾਂ ਵਿਚਾਲੇ ਅਜਿਹੀ 'ਕੰਟਰੋਵਰਸੀ' ਪਹਿਲਾਂ ਵੀ ਦੇਖਣ ਨੂੰ ਮਿਲਦੀ ਰਹੀ ਹੈ, ਪਰ ਸਿੱਧੂ ਮੂਸੇਵਾਲਾ ਦੇ ਸੰਵੇਦਨਸ਼ੀਲ ਮਾਮਲੇ ਨੂੰ ਵਿਚਾਲੇ ਲਿਆਉਣ ਕਾਰਨ ਇਹ ਵਿਵਾਦ ਹੁਣ ਹੋਰ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਫਿਲਹਾਲ, ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਆਪੋ-ਆਪਣੇ ਪਸੰਦੀਦਾ ਗਾਇਕ ਦੇ ਪੱਖ ਵਿੱਚ ਨਿੱਤਰ ਆਏ ਹਨ।
Get all latest content delivered to your email a few times a month.