ਤਾਜਾ ਖਬਰਾਂ
ਸ੍ਰੀ ਅਮਰਨਾਥ ਦੀ ਪਵਿੱਤਰ ਅਤੇ ਇਤਿਹਾਸਕ ਤੀਰਥ ਯਾਤਰਾ ਅੱਜ 3 ਜੁਲਾਈ ਤੋਂ ਪੂਰੀ ਧਾਰਮਿਕ ਰੀਤੀ-ਰਿਵਾਜਾਂ ਅਤੇ ਭਗਤੀ ਭਾਵਨਾ ਨਾਲ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਭੋਲੇ ਦੇ ਭਗਤਾਂ ਦੇ ਨਿੱਘੇ ਸਵਾਗਤ ਅਤੇ ਸਹੂਲਤ ਲਈ ਪਠਾਨਕੋਟ ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਸਥਾਨਕ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਪੂਰੇ ਇੰਤਜ਼ਾਮ ਮੁਕੰਮਲ ਕਰ ਲਏ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ‘ਤੇ ਨੰਗਲਭੂਰ ਤੋਂ ਲੈ ਕੇ ਸੁਜਾਨਪੁਰ-ਮਾਧੋਪੁਰ ਤੱਕ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਯਾਤਰਾ ਨੂੰ ਸੁਖਾਲਾ ਅਤੇ ਸੁਰੱਖਿਅਤ ਬਣਾਇਆ ਜਾ ਸਕੇ।
ਸ਼ਿਵ ਭਗਤਾਂ ਦੀ ਸੇਵਾ ਲਈ ਹਾਈਵੇਅ ਦੇ ਪੂਰੇ ਰੂਟ ‘ਤੇ 5 ਪ੍ਰਮੁੱਖ ਸਥਾਨਾਂ ‘ਤੇ ਦਿਨ-ਰਾਤ ਲੰਗਰ, ਮੈਡੀਕਲ ਕੈਂਪ, ਪਖਾਨੇ ਅਤੇ ਆਰਾਮ ਕਰਨ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। 'ਜੈ ਸ਼ਿਵ ਦੀਪ ਸੇਵਾ ਸੋਸਾਇਟੀ ਅੰਮ੍ਰਿਤਸਰ' ਅਤੇ 'ਅਮਰਨਾਥ ਬਰਫ਼ਾਨੀ ਕਾਲੀ ਮਾਤਾ ਮੰਦਿਰ ਸਮੇਤੀ' ਵੱਲੋਂ ਲੰਗਰ ਸੇਵਾਵਾਂ ਸ਼ੁਰੂ ਵੀ ਕਰ ਦਿੱਤੀਆਂ ਗਈਆਂ ਹਨ। ਸੋਸਾਇਟੀ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਵ ਭਗਤਾਂ ਦੀ ਆਮਦ ਨੂੰ ਲੈ ਕੇ ਸੰਸਥਾ ਵਿੱਚ ਭਾਰੀ ਉਤਸ਼ਾਹ ਹੈ। ਇਸ ਦੇ ਨਾਲ ਹੀ 'ਸ਼੍ਰੀ ਹਰ-ਹਰ ਮਹਾਦੇਵ ਸੇਵਾ ਸੋਸਾਇਟੀ', 'ਯੁਵਾ ਏਕਤਾ ਕਲੱਬ' ਅਤੇ 'ਜੈ ਬਾਬਾ ਸ਼੍ਰੀ ਅਮਰਨਾਥ ਸੇਵਾ ਸਮੇਤੀ' ਵੱਲੋਂ 3 ਤੋਂ 5 ਜੁਲਾਈ ਦਰਮਿਆਨ ਆਪਣੇ ਸੇਵਾ ਕੇਂਦਰ ਚਾਲੂ ਕਰ ਦਿੱਤੇ ਜਾਣਗੇ।
ਸੁਜਾਨਪੁਰ ਵਿਖੇ ਪੁਲ ਨੰਬਰ-4 ਦੇ ਕੋਲ 'ਸ਼੍ਰੀ ਹਰ-ਹਰ ਮਹਾਦੇਵ ਸੇਵਾ ਸੋਸਾਇਟੀ' ਵੱਲੋਂ ਇਸ ਵਾਰ 22ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਰੂਪੇਸ਼ ਮਹਾਜਨ ਨੇ ਦੱਸਿਆ ਕਿ 5 ਜੁਲਾਈ ਨੂੰ ਪੂਜਾ ਤੋਂ ਬਾਅਦ ਇਸ ਦਾ ਉਦਘਾਟਨ ਹੋਵੇਗਾ, ਜਿੱਥੇ 24 ਘੰਟੇ ਭੋਜਨ, ਦਵਾਈਆਂ ਸਮੇਤ 100 ਸ਼ਰਧਾਲੂਆਂ ਦੇ ਰਾਤ ਠਹਿਰਨ ਲਈ ਆਧੁਨਿਕ ਸਰਾਏ ਬਣਾਈ ਗਈ ਹੈ। ਦੂਜੇ ਪਾਸੇ, 'ਜੈ ਬਾਬਾ ਸ਼੍ਰੀ ਅਮਰਨਾਥ ਸੇਵਾ ਸਮੇਤੀ' ਦੇ ਮੈਂਬਰ ਸ਼ਲਭ ਮਹਾਜਨ (ਭਾਨੂ) ਨੇ ਦੱਸਿਆ ਕਿ ਪਿੰਡ ਮਿਰਜ਼ਾਪੁਰ ਸਥਿਤ ਪੀਰ ਬਾਬਾ ਦਰਗਾਹ ਨੇੜੇ ਲੱਗਣ ਵਾਲੇ ਭੰਡਾਰੇ ਦਾ ਰਸਮੀ ਉਦਘਾਟਨ 5 ਜੁਲਾਈ ਨੂੰ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਕੀਤਾ ਜਾਵੇਗਾ।
ਯਾਤਰਾ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਸੁਰੱਖਿਆ ਦੇ ਬੇਮਿਸਾਲ ਇੰਤਜ਼ਾਮ ਕੀਤੇ ਗਏ ਹਨ। ਹਾਈਵੇਅ ਅਤੇ ਲੰਗਰ ਸਥਾਨਾਂ ਨੂੰ ਸੀਸੀਟੀਵੀ ਕੈਮਰਿਆਂ ਅਤੇ ਬੁਲੇਟ ਪਰੂਫ਼ ਮੋਰਚਿਆਂ ਨਾਲ ਲੈਸ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਨਾਲ-ਨਾਲ ਭਾਰਤੀ ਸੈਨਾ (Army), ਪੰਜਾਬ ਆਰਮਡ ਪੁਲਿਸ (PAP), ਸਪੈਸ਼ਲ ਆਪ੍ਰੇਸ਼ਨ ਗਾਰਡ (SOG), BSF ਅਤੇ ਰੈਪਿਡ ਐਕਸ਼ਨ ਫੋਰਸ (RAF) ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਵਾਰ ਭਾਰਤੀ ਵਾਯੂ ਸੈਨਾ (Air Force) ਅਸਮਾਨ ਤੋਂ ਪੂਰੇ ਰੂਟ 'ਤੇ ਤਿੱਖੀ ਨਜ਼ਰ ਰੱਖੇਗੀ, ਜਦਕਿ ਸੈਨਾ ਦੀ ਕਿਊ.ਆਰ.ਟੀ. (QRT) ਅਤੇ ਬੀ.ਐਸ.ਐਫ ਦੀਆਂ ਟੀਮਾਂ ਹਾਈਵੇਅ 'ਤੇ ਨਿਰੰਤਰ ਗਸ਼ਤ ਕਰਕੇ ਸੁਰੱਖਿਆ ਨੂੰ ਯਕੀਨੀ ਬਣਾਉਣਗੀਆਂ।
ਸ੍ਰੀ ਅਮਰਨਾਥ ਯਾਤਰਾ-2026 ਦੇ ਪਹਿਲੇ ਪੜਾਅ ਤਹਿਤ ਦੇਸ਼ ਭਰ ਤੋਂ ਪਹੁੰਚੇ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਲਖਨਪੁਰ ਰਿਸੈਪਸ਼ਨ ਸੈਂਟਰ ਤੋਂ ਹਰੀ ਝੰਡੀ ਦਿਖਾ ਕੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਲਈ ਰਵਾਨਾ ਕੀਤਾ ਗਿਆ। ਐਸ.ਐਸ.ਪੀ. ਕਠੂਆ ਨੇ ਖ਼ੁਦ ਮੌਕੇ 'ਤੇ ਮੌਜੂਦ ਰਹਿ ਕੇ ਵਾਹਨਾਂ ਨੂੰ ਰਵਾਨਾ ਕੀਤਾ। ਸਖ਼ਤ ਸੁਰੱਖਿਆ ਘੇਰੇ ਅਤੇ ਵਿਸ਼ੇਸ਼ ਪੁਲਿਸ ਦਸਤੇ ਦੀ ਨਿਗਰਾਨੀ ਹੇਠ ਰਵਾਨਾ ਹੋਏ ਇਸ ਪਹਿਲੇ ਜੱਥੇ ਵਿੱਚ ਕੁੱਲ 26 ਵਾਹਨ ਸ਼ਾਮਲ ਹਨ, ਜਿਨ੍ਹਾਂ ਰਾਹੀਂ 355 ਸ਼ਰਧਾਲੂ ਪਵਿੱਤਰ ਗੁਫ਼ਾ ਵੱਲ ਅੱਗੇ ਵਧੇ ਹਨ।
Get all latest content delivered to your email a few times a month.