ਤਾਜਾ ਖਬਰਾਂ
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਮੁੰਬਈ ਸਥਿਤ 'ਗਲੈਕਸੀ ਅਪਾਰਟਮੈਂਟਸ' ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਖ਼ੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਮੁੰਬਈ ਦੀ ਅਦਾਲਤ ਸਾਹਮਣੇ ਸਵੈ-ਇੱਛਾ ਨਾਲ ਆਤਮ-ਸਮਰਪਣ (Surrender) ਕਰਨ ਦੀ ਇੱਛਾ ਪ੍ਰਗਟਾਈ ਹੈ। ਅਨਮੋਲ ਨੇ ਆਪਣੇ ਵਕੀਲ ਰਾਹੀਂ ਮੁੰਬਈ ਦੀ ਵਿਸ਼ੇਸ਼ 'ਮਕੋਕਾ' (MCOCA) ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਗ੍ਰਿਫ਼ਤਾਰੀ ਦਰਜ ਕਰਨ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ।
ਪਿਛਲੇ ਸਾਲ ਨਵੰਬਰ 2025 ਵਿੱਚ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਗਏ ਅਨਮੋਲ ਬਿਸ਼ਨੋਈ ਨੂੰ ਭਾਰਤ ਪਹੁੰਚਦੇ ਹੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਅਨਮੋਲ ਨੇ ਕਿਹਾ ਹੈ ਕਿ ਉਹ ਨਿਆਂ ਅਤੇ ਨਿਰਪੱਖ ਮੁਕੱਦਮੇ ਦੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਨੇ ਵਿਸ਼ੇਸ਼ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਦੇ ਨਾਮ 'ਤੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਜਾਵੇ, ਕਿਉਂਕਿ ਉਹ ਪਹਿਲਾਂ ਹੀ ਇੱਕ ਹੋਰ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ ਅਤੇ ਅਦਾਲਤੀ ਹੁਕਮਾਂ ਤੋਂ ਬਿਨਾਂ ਮੁੰਬਈ ਨਹੀਂ ਆ ਸਕਦਾ। ਵਿਸ਼ੇਸ਼ ਜੱਜ ਐਸ.ਆਰ. ਨਵੇਂਦਰ ਨੇ ਇਸ ਪਟੀਸ਼ਨ 'ਤੇ ਸਰਕਾਰੀ ਵਕੀਲ ਨੂੰ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ 14 ਅਪ੍ਰੈਲ 2024 ਨੂੰ ਤੜਕਸਾਰ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ ਅਤੇ ਫ਼ਰਾਰ ਹੋ ਗਏ ਸਨ। ਮੁੰਬਈ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਹਮਲੇ ਦੀ ਪੂਰੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਰਚੀ ਗਈ ਸੀ ਅਤੇ ਅਨਮੋਲ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸਖ਼ਤ ਕਾਨੂੰਨ 'ਮਕੋਕਾ' ਲਗਾਇਆ ਗਿਆ ਹੈ।
ਅਨਮੋਲ ਬਿਸ਼ਨੋਈ ਦੀ ਪਟੀਸ਼ਨ ਮੁਤਾਬਕ ਮੁੰਬਈ ਦੀ ਅਦਾਲਤ ਵਿੱਚ ਇਸ ਮਾਮਲੇ ਦਾ ਮੁਕੱਦਮਾ ਪਹਿਲਾਂ ਹੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਤਿੰਨ ਅਹਿਮ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਜਾ ਚੁੱਕੇ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਸਮੇਤ ਉਨ੍ਹਾਂ ਦੇ ਮਦਦਗਾਰ ਸੋਨੂੰ ਕੁਮਾਰ ਬਿਸ਼ਨੋਈ, ਮੁਹੰਮਦ ਰਫੀਕ ਚੌਧਰੀ ਅਤੇ ਹਰਪਾਲ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ ਅਤੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਕਾਨੂੰਨੀ ਮਾਹਿਰਾਂ ਅਨੁਸਾਰ ਜੇਕਰ ਅਦਾਲਤ ਪ੍ਰੋਡਕਸ਼ਨ ਵਾਰੰਟ ਜਾਰੀ ਕਰਦੀ ਹੈ, ਤਾਂ ਮੁੰਬਈ ਪੁਲਿਸ ਅਨਮੋਲ ਨੂੰ ਹਿਰਾਸਤ ਵਿੱਚ ਲੈ ਕੇ ਗੋਲੀਬਾਰੀ ਦੇ ਕਈ ਹੋਰ ਅਣਸੁਲਝੇ ਰਾਜ਼ ਉਗਲਵਾ ਸਕਦੀ ਹੈ।
Get all latest content delivered to your email a few times a month.