ਤਾਜਾ ਖਬਰਾਂ
ਪੰਜਾਬ ਕਾਂਗਰਸ ਅੰਦਰਲਾ ਜਥੇਬੰਦਕ ਕਲੇਸ਼ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਹਾਈਕਮਾਂਡ ਵੱਲੋਂ ਬੀਤੇ ਦਿਨੀਂ ਸੂਬਾ ਇਕਾਈ ਦੇ ਅਹੁਦਿਆਂ ਦੀ ਕੀਤੀ ਗਈ ਨਵੀਂ ਵੰਡ ਤੋਂ ਬਾਅਦ ਪਾਰਟੀ ਵਿੱਚ ਘਮਸਾਣ ਮਚ ਗਿਆ ਹੈ। ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ, ਹਾਈਕਮਾਂਡ ਦੇ ਇਸ ਫੈਸਲੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਹੱਦ ਨਾਰਾਜ਼ ਹਨ। ਆਪਣੀ ਇਸ ਨਾਰਾਜ਼ਗੀ ਦੇ ਚਲਦਿਆਂ ਚੰਨੀ ਨੇ ਤੁਰੰਤ ਐਕਸ਼ਨ ਲੈਂਦਿਆਂ ਆਪਣੇ ਨਿਵਾਸ ਸਥਾਨ 'ਤੇ ਸਮਰਥਕਾਂ ਅਤੇ ਨਜ਼ਦੀਕੀ ਆਗੂਆਂ ਦੀ ਇੱਕ ਹੰਗਾਮੀ ਬੈਠਕ ਸੱਦ ਲਈ ਹੈ, ਜਿਸ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਹੈ ਕਿ ਚਰਨਜੀਤ ਸਿੰਘ ਚੰਨੀ ਖੁਦ ਨੂੰ ਸੂਬਾ ਪ੍ਰਧਾਨਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨ ਰਹੇ ਸਨ। ਪਰ ਨਵੀਂ ਸੂਚੀ ਵਿੱਚ ਉਨ੍ਹਾਂ ਨੂੰ ਪ੍ਰਧਾਨਗੀ ਦੀ ਬਜਾਏ ਚੋਣ ਪ੍ਰਚਾਰ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੰਨੀ ਦੀ ਨਾਰਾਜ਼ਗੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਨਿਯੁਕਤੀ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੇ ਇਸ ਨਵੀਂ ਜ਼ਿੰਮੇਵਾਰੀ ਸਬੰਧੀ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੇ ਘਰ ਹੋ ਰਹੀ ਇਸ ਬੈਠਕ ਨੂੰ ਹਾਈਕਮਾਂਡ 'ਤੇ ਦਬਾਅ ਬਣਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਹਾਈਕਮਾਂਡ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੁਣਾਇਆ ਸੀ। ਪਾਰਟੀ ਨੇ ਕਿਸੇ ਇੱਕ ਚਿਹਰੇ 'ਤੇ ਪੂਰਾ ਦਾਅ ਲਗਾਉਣ ਦੀ ਬਜਾਏ ਸਾਰੇ ਧੜਿਆਂ ਨੂੰ ਸੰਤੁਸ਼ਟ ਕਰਨ ਲਈ ਵਿਚਕਾਰਲਾ ਰਸਤਾ ਚੁਣਿਆ। ਹਾਈਕਮਾਂਡ ਦੇ ਫਾਰਮੂਲੇ ਤਹਿਤ:
ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ 'ਤੇ ਹੀ ਬਰਕਰਾਰ ਰੱਖਿਆ ਗਿਆ ਹੈ।
ਚਰਨਜੀਤ ਸਿੰਘ ਚੰਨੀ ਨੂੰ ਇਲੈਕਸ਼ਨ ਕੈਂਪੇਨ ਕਮੇਟੀ (ਚੋਣ ਪ੍ਰਚਾਰ ਕਮੇਟੀ) ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ।
ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ।
ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (LOP) ਦੇ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ ਹੈ।
ਹਾਈਕਮਾਂਡ ਨੇ ਸੋਚਿਆ ਸੀ ਕਿ ਅਹੁਦਿਆਂ ਦੀ ਇਸ ਬਰਾਬਰ ਵੰਡ ਨਾਲ ਸਾਰੇ ਦਿੱਗਜ ਨੇਤਾ ਸ਼ਾਂਤ ਰਹਿਣਗੇ, ਪਰ ਸਾਬਕਾ ਸੀਐਮ ਚੰਨੀ ਵੱਲੋਂ ਮੀਟਿੰਗ ਸੱਦੇ ਜਾਣ ਨੇ ਪਾਰਟੀ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸਿਆਸੀ ਮਾਹਿਰਾਂ ਅਨੁਸਾਰ, ਜੇਕਰ ਚੰਨੀ ਦੇ ਘਰ ਹੋ ਰਹੀ ਇਸ ਬੈਠਕ ਵਿੱਚ ਕੋਈ ਸਖ਼ਤ ਫੈਸਲਾ ਲਿਆ ਜਾਂਦਾ ਹੈ, ਤਾਂ ਆਉਂਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰਲੀ ਇਹ ਚੰਗਿਆੜੀ ਇੱਕ ਵਾਰ ਫਿਰ ਵੱਡੀ ਬਗਾਵਤ ਦਾ ਰੂਪ ਧਾਰਨ ਕਰ ਸਕਦੀ ਹੈ।
Get all latest content delivered to your email a few times a month.