IMG-LOGO
ਹੋਮ ਪੰਜਾਬ: ਬੇਅਦਬੀ ਮਾਮਲਾ: SIT ਐਕਸ਼ਨ 'ਚ, DIG ਹਰਜੀਤ ਸਿੰਘ ਦੀ ਅਗਵਾਈ...

ਬੇਅਦਬੀ ਮਾਮਲਾ: SIT ਐਕਸ਼ਨ 'ਚ, DIG ਹਰਜੀਤ ਸਿੰਘ ਦੀ ਅਗਵਾਈ ਹੇਠ ਟੀਮ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ; ਦੁਪਹਿਰ 3 ਵਜੇ ਹੋਵੇਗੀ ਪ੍ਰੈੱਸ ਬ੍ਰੀਫਿੰਗ

Admin User - Jul 02, 2026 02:08 PM
IMG

ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਪੂਰੀ ਤਰ੍ਹਾਂ ਹਰਕਤ ਵਿੱਚ ਨਜ਼ਰ ਆ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਖ਼ਤ ਬਿਆਨ ਤੋਂ ਬਾਅਦ ਸਰਗਰਮ ਹੋਈ ਐਸਆਈਟੀ ਅੱਜ ਖ਼ੁਦ ਘਟਨਾ ਸਥਾਨਾਂ ਦਾ ਦੌਰਾ ਕਰਨ ਜ਼ਮੀਨੀ ਪੱਧਰ 'ਤੇ ਉੱਤਰੀ ਹੈ। ਡੀਆਈਜੀ (DIG) ਹਰਜੀਤ ਸਿੰਘ ਦੀ ਅਗਵਾਈ ਹੇਠ ਜਾਂਚ ਟੀਮ ਸਭ ਤੋਂ ਪਹਿਲਾਂ ਇਤਿਹਾਸਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਨੇ ਬਾਰੀਕੀ ਨਾਲ ਤੱਥਾਂ ਦਾ ਜਾਇਜ਼ਾ ਲਿਆ।


ਜ਼ਿਕਰਯੋਗ ਹੈ ਕਿ ਇਹ ਉਹੀ ਗੁਰਦੁਆਰਾ ਸਾਹਿਬ ਹੈ, ਜਿਸ ਦੇ ਬਾਹਰ ਗਲੀਆਂ ਵਿੱਚ ਸਾਲ 2015 ਦੌਰਾਨ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬੇਅਦਬੀ ਕਰਕੇ ਬਿਖੇਰੇ ਹੋਏ ਮਿਲੇ ਸਨ। ਬੁਰਜ ਜਵਾਹਰ ਸਿੰਘ ਵਾਲਾ ਤੋਂ ਬਾਅਦ ਐਸਆਈਟੀ ਦਾ ਕਾਫਲਾ ਬਰਗਾੜੀ ਅਤੇ ਫਿਰ ਬਹਿਬਲ ਕਲਾਂ ਵਿਖੇ ਮੁੱਖ ਘਟਨਾ ਸਥਾਨਾਂ ਦਾ ਦੌਰਾ ਕਰਕੇ ਮੌਕੇ ਦੀ ਸਥਿਤੀ ਦਾ ਮੁੜ ਮੁਲਾਂਕਣ ਕਰੇਗਾ। ਪੁਲਿਸ ਸੂਤਰਾਂ ਅਨੁਸਾਰ, ਸਾਰੇ ਸਥਾਨਾਂ ਦੀ ਸਮੀਖਿਆ ਮੁਕੰਮਲ ਕਰਨ ਤੋਂ ਬਾਅਦ ਜਾਂਚ ਟੀਮ ਵੱਲੋਂ ਅੱਜ ਦੁਪਹਿਰ 3 ਵਜੇ ਦੇ ਕਰੀਬ ਇੱਕ ਅਹਿਮ ਪ੍ਰੈੱਸ ਬ੍ਰੀਫਿੰਗ (Press Briefing) ਕੀਤੀ ਜਾਵੇਗੀ, ਜਿਸ ਵਿੱਚ ਜਾਂਚ ਨਾਲ ਜੁੜੇ ਕਈ ਅਹਿਮ ਪਹਿਲੂ ਸਾਂਝੇ ਕੀਤੇ ਜਾ ਸਕਦੇ ਹਨ।


ਐਸਆਈਟੀ ਇਸ ਹਾਈ-ਪ੍ਰੋਫਾਈਲ ਮਾਮਲੇ ਦੀਆਂ ਕੜੀਆਂ ਜੋੜਨ ਲਈ ਪਹਿਲਾਂ ਹੀ ਸਾਬਕਾ ਚੇਅਰਮੈਨ ਵਿਜੇ ਸਾਂਪਲਾ, ਆਈਏਐਸ (IAS) ਗਗਨਦੀਪ ਸਿੰਘ ਬਰਾੜ ਅਤੇ ਮਾਲਵਿੰਦਰ ਸਿੰਘ ਜੱਗੀ ਵਰਗੇ ਵੱਡੇ ਚਿਹਰਿਆਂ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਪੁੱਛਗਿੱਛ ਕਰ ਚੁੱਕੀ ਹੈ।


ਇਸ ਕੇਸ ਵਿੱਚ ਉਸ ਵੇਲੇ ਵੱਡਾ ਮੋੜ ਆਇਆ ਸੀ ਜਦੋਂ 2015 ਦੇ ਤਿੰਨ ਵੱਖ-ਵੱਖ ਬੇਅਦਬੀ ਮਾਮਲਿਆਂ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਐਸਆਈਟੀ ਨੇ ਇਸੇ ਸਾਲ ਫਰਵਰੀ ਵਿੱਚ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ। ਕਲੇਰ ਨੂੰ ਸਾਲ 2020 ਵਿੱਚ ਫਰੀਦਕੋਟ ਦੀ ਅਦਾਲਤ ਨੇ ਭਗੌੜਾ (PO) ਕਰਾਰ ਦਿੱਤਾ ਸੀ। ਬਾਅਦ ਵਿੱਚ ਜਾਂਚ ਟੀਮ ਦੀ ਅਰਜ਼ੀ 'ਤੇ ਇਸ ਕੇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਨੂੰ ਫ਼ਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਤਬਦੀਲ ਕਰਵਾਇਆ ਗਿਆ, ਜਿੱਥੇ ਬੀਤੇ ਅਪ੍ਰੈਲ 2024 ਵਿੱਚ ਅਦਾਲਤ ਨੇ ਪ੍ਰਦੀਪ ਕਲੇਰ ਨੂੰ ਜ਼ਮਾਨਤ ਦੇ ਦਿੱਤੀ ਸੀ।


ਇਹ ਪੂਰਾ ਮਾਮਲਾ 12 ਅਕਤੂਬਰ 2015 ਦਾ ਹੈ, ਜਦੋਂ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦਰਦਨਾਕ ਘਟਨਾ ਵਾਪਰੀ ਸੀ। ਇਸ ਦੇ ਵਿਰੋਧ ਵਿੱਚ ਸਿੱਖ ਸੰਗਤਾਂ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਇਨ੍ਹਾਂ ਧਰਨਿਆਂ ਨੂੰ ਜਬਰਨ ਚੁੱਕਣ ਲਈ ਪੁਲਿਸ ਵੱਲੋਂ ਕੀਤੇ ਗਏ ਬਲ ਪ੍ਰਯੋਗ ਅਤੇ ਬਹਿਬਲ ਕਲਾਂ ਗੋਲੀਬਾਰੀ ਵਿੱਚ 2 ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ, ਜਦਕਿ ਕੋਟਕਪੂਰਾ ਵਿਖੇ ਹੋਈ ਫਾਇਰਿੰਗ ਵਿੱਚ 100 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ। ਇਸ ਖੂਨੀ ਟਕਰਾਅ ਤੋਂ ਬਾਅਦ ਲੰਬੇ ਸਮੇਂ ਬਾਅਦ 7 ਅਗਸਤ 2018 ਨੂੰ ਅਣਪਛਾਤੇ ਪੁਲਿਸ ਮੁਲਾਜ਼ਮਾਂ ਤੇ ਲੋਕਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦਾ ਨਿਪਟਾਰਾ ਕਰਨ ਲਈ ਹੁਣ SIT ਪੱਬਾਂ ਭਾਰ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.