ਤਾਜਾ ਖਬਰਾਂ
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਵਾਪਰੇ ਦਿਲ ਦਹਿਲਾ ਦੇਣ ਵਾਲੇ ਬੋਰਵੈੱਲ ਹਾਦਸੇ ਨੇ ਹਰ ਕਿਸੇ ਨੂੰ ਗਮਗੀਨ ਕਰ ਦਿੱਤਾ। 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਨਿਰਵੈਰ ਨੂੰ ਬਚਾਉਣ ਲਈ ਪ੍ਰਸ਼ਾਸਨ, NDRF ਅਤੇ ਹੋਰ ਰਾਹਤ ਟੀਮਾਂ ਵੱਲੋਂ ਕਰੀਬ 21 ਘੰਟਿਆਂ ਤੱਕ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਾਸੂਮ ਦੀ ਜਾਨ ਨਹੀਂ ਬਚ ਸਕੀ। ਬੁੱਧਵਾਰ ਤੜਕੇ ਕਰੀਬ 3:30 ਵਜੇ ਉਸ ਦੀ ਮ੍ਰਿਤਕ ਦੇਹ ਬੋਰਵੈੱਲ ਵਿੱਚੋਂ ਬਾਹਰ ਕੱਢੀ ਗਈ। ਇਸ ਤੋਂ ਬਾਅਦ ਅੰਬਾਲਾ ਸਿਟੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਅਤੇ ਦੁਪਹਿਰ ਨੂੰ ਉਸ ਦਾ ਅੰਤਿਮ ਸੰਸਕਾਰ ਪਿੰਡ ਧਨਿਓੜਾ ਵਿੱਚ ਕਰ ਦਿੱਤਾ ਗਿਆ।
ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਨਿਰਵੈਰ ਦੀ ਮੌਤ ਬੋਰਵੈੱਲ ਵਿੱਚ ਡਿੱਗਣ ਕਾਰਨ ਲੱਗੀਆਂ ਗੰਭੀਰ ਸੱਟਾਂ ਅਤੇ ਗੰਧਲੇ ਪਾਣੀ ਵਿੱਚ ਡੁੱਬਣ ਨਾਲ ਹੋਈ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਸਰੀਰ 'ਤੇ ਛਾਤੀ, ਸਿਰ ਅਤੇ ਦੋਵੇਂ ਗੋਡਿਆਂ ਸਮੇਤ ਕਈ ਹਿੱਸਿਆਂ 'ਤੇ ਡੂੰਘੀਆਂ ਸੱਟਾਂ ਅਤੇ ਰਗੜਾਂ ਦੇ ਨਿਸ਼ਾਨ ਸਨ। ਇਸ ਤੋਂ ਇਲਾਵਾ ਉਸ ਦੇ ਫੇਫੜਿਆਂ ਵਿੱਚ ਮਿੱਟੀ ਵਾਲਾ ਪਾਣੀ ਮਿਲਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਡਿੱਗਣ ਤੋਂ ਬਾਅਦ ਉਹ ਪਾਣੀ ਵਿੱਚ ਸਾਹ ਲੈਣ ਕਾਰਨ ਦਮ ਤੋੜ ਗਿਆ। ਡਾਕਟਰਾਂ ਅਨੁਸਾਰ ਹਾਦਸੇ ਤੋਂ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਚੁੱਕੀ ਸੀ।
ਘਟਨਾ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਖੇਤ ਦੇ ਮਾਲਕ ਅਤੇ ਖੇਤ ਨੂੰ ਠੇਕੇ 'ਤੇ ਲੈਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 106 ਤਹਿਤ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਬੋਰਵੈੱਲ ਵਿੱਚੋਂ ਮੋਟਰ ਕੱਢਣ ਤੋਂ ਬਾਅਦ ਉਸ ਨੂੰ ਬਿਨਾਂ ਢੱਕੇ ਖੁੱਲ੍ਹਾ ਛੱਡ ਦਿੱਤਾ ਗਿਆ ਸੀ, ਜਿਸ ਕਾਰਨ ਖੇਡਦੇ ਹੋਏ ਨਿਰਵੈਰ ਉਸ ਵਿੱਚ ਡਿੱਗ ਗਿਆ।
ਨਿਰਵੈਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਧੀ ਦੇ ਜਨਮ ਤੋਂ ਲਗਭਗ ਅੱਠ ਸਾਲ ਬਾਅਦ ਕਈ ਮੰਨਤਾਂ ਅਤੇ ਅਰਦਾਸਾਂ ਤੋਂ ਬਾਅਦ ਉਸ ਦਾ ਜਨਮ ਹੋਇਆ ਸੀ। ਇਸ ਕਰਕੇ ਉਹ ਪਰਿਵਾਰ ਦਾ ਸਭ ਤੋਂ ਲਾਡਲਾ ਮੈਂਬਰ ਸੀ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬੱਚੇ ਦੇ ਪਿਤਾ ਮਨਜੀਤ ਸਿੰਘ ਬਿਜਲੀ ਨਿਗਮ ਵਿੱਚ ਨੌਕਰੀ ਕਰਦੇ ਹਨ ਅਤੇ ਘਟਨਾ ਦੀ ਖ਼ਬਰ ਮਿਲਦੇ ਹੀ ਉਹ ਗਹਿਰੇ ਸਦਮੇ ਵਿੱਚ ਚਲੇ ਗਏ। ਉਨ੍ਹਾਂ ਦੀ ਹਾਲਤ ਵਿਗੜਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਦੂਜੇ ਪਾਸੇ ਦਾਦਾ ਕਰਨੈਲ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸਾਬਕਾ ਮੰਤਰੀ ਅਨਿਲ ਵਿਜ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਨਿਰਵੈਰ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Get all latest content delivered to your email a few times a month.