IMG-LOGO
ਹੋਮ ਪੰਜਾਬ: ਮੁੱਖ ਮੰਤਰੀ ਭਗਵੰਤ ਮਾਨ 'ਤੇ ਸੁਨੀਲ ਜਾਖੜ ਦਾ ਵੱਡਾ ਹਮਲਾ;...

ਮੁੱਖ ਮੰਤਰੀ ਭਗਵੰਤ ਮਾਨ 'ਤੇ ਸੁਨੀਲ ਜਾਖੜ ਦਾ ਵੱਡਾ ਹਮਲਾ; ਕਿਹਾ- 'ਮਾਨ ਦੇ ਸਿਰ ਚੜ੍ਹਿਆ ਕੁਰਸੀ ਦਾ ਅਹੰਕਾਰ, ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲਿਆਂ ਦਾ...

Admin User - Jun 29, 2026 02:56 PM
IMG

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਸੂਬੇ ਦੀ ਮੌਜੂਦਾ ਪ੍ਰਸ਼ਾਸਨਿਕ ਤੇ ਵਿੱਤੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਇਸ ਵੇਲੇ ਜਿਸ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ, ਉਸ ਦਰਦ ਨੂੰ ਸਿਰਫ਼ ਇੱਕ ਸੱਚਾ ਪੰਜਾਬੀ ਹੀ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। 'ਆਪ' ਸਰਕਾਰ 'ਤੇ ਵਿੱਤੀ ਕੁਪ੍ਰਬੰਧ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਿਸ ਸੂਬੇ ਸਿਰ ਪਹਿਲਾਂ ਹੀ ਸਾਢੇ ਚਾਰ ਤੋਂ ਪੰਜ ਲੱਖ ਕਰੋੜ ਰੁਪਏ ਦਾ ਭਾਰੀ ਕਰਜ਼ਾ ਚੜ੍ਹਿਆ ਹੋਵੇ ਅਤੇ ਜਿੱਥੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਤੇ ਤਨਖਾਹਾਂ ਦੇਣ ਦੇ ਲਾਲੇ ਪਏ ਹੋਣ, ਉੱਥੇ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨਾ ਜਨਤਾ ਨਾਲ ਕੋਝਾ ਮਜ਼ਾਕ ਹੈ।


ਧਾਰਮਿਕ ਵਿਵਾਦ 'ਤੇ ਮੁੱਖ ਮੰਤਰੀ ਮਾਨ ਨੂੰ ਘੇਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲ ਵੀਡੀਓ ਵਿੱਚ ਗੁਰੂ ਸਾਹਿਬ ਦੇ ਅਪਮਾਨ ਹੋਣ ਦੇ ਸੱਚੇ ਸਬੂਤ ਸਨ, ਤਾਂ ਉਨ੍ਹਾਂ ਨੂੰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਉਹ ਸਾਰੇ ਤੱਥ ਸੌਂਪਣੇ ਚਾਹੀਦੇ ਸਨ। ਉਨ੍ਹਾਂ ਤਨਜ਼ ਕਸਦਿਆਂ ਕਿਹਾ, "ਅੱਜ ਭਗਵੰਤ ਮਾਨ ਨਹੀਂ ਬੋਲ ਰਹੇ, ਬਲਕਿ ਮੁੱਖ ਮੰਤਰੀ ਦੀ ਕੁਰਸੀ ਦਾ ਅਹੰਕਾਰ ਬੋਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਪੈਰ ਜ਼ਮੀਨ ਤੋਂ ਉੱਠ ਗਏ ਹਨ।" ਇਤਿਹਾਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਹੈ, ਉਨ੍ਹਾਂ ਦਾ ਸਿਆਸੀ ਵਜੂਦ ਖ਼ਤਮ ਹੋ ਗਿਆ ਹੈ। ਜਾਖੜ ਨੇ ਸੱਤਾਧਾਰੀ ਵਿਧਾਇਕਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ 'ਆਪ' ਵਿਧਾਇਕਾਂ ਕੋਲ ਇਸ ਪਾਪ ਤੋਂ ਪਾਸੇ ਹੋਣ ਦਾ ਇਤਿਹਾਸਕ ਮੌਕਾ ਸੀ, ਪਰ ਉਹ ਚੁੱਪ ਰਹਿ ਕੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਇਸ ਗੁਨਾਹ ਦੇ ਬਰਾਬਰ ਦੇ ਭਾਗੀਦਾਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਕੋਈ ਥੀਏਟਰ ਜਾਂ ਕਾਮੇਡੀ ਸਟੇਜ ਨਹੀਂ ਹੈ, ਜਿੱਥੇ 50 ਲੱਖ ਰੁਪਏ ਲੈ ਕੇ ਨਾਟਕ ਖੇਡਿਆ ਜਾਵੇ।


ਲੋਕਤੰਤਰ ਵਿੱਚ ਮਜ਼ਬੂਤ ਵਿਰੋਧੀ ਧਿਰ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੀ ਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣ ਲਈ ਵਿਰੋਧੀ ਧਿਰ ਗੱਡੀ ਦੇ ਦੂਜੇ ਪਹੀਏ ਵਾਂਗ ਹੁੰਦੀ ਹੈ, ਪਰ ਪੰਜਾਬ ਵਿੱਚ ਕਾਂਗਰਸ ਨੇ ਸਦਨ ਅੰਦਰ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ। ਵਿਧਾਨ ਸਭਾ ਦੇ ਸਦਨ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਨੇ ਹਿੱਕ ਥਾਪੜ ਕੇ ਵਿਰੋਧੀ ਧਿਰ ਨੂੰ 'ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ' ਦੀ ਚੁਣੌਤੀ ਦਿੱਤੀ, ਤਾਂ ਕਾਂਗਰਸੀ ਆਗੂ ਉੱਥੇ ਨੀਵੀਆਂ ਪਾ ਕੇ ਬਗਲਾਂ ਝਾਕਦੇ ਨਜ਼ਰ ਆਏ। ਵਿਰੋਧੀ ਧਿਰ ਦੀ ਇਸੇ ਨਾਕਾਮੀ ਅਤੇ ਕਮਜ਼ੋਰੀ ਕਾਰਨ ਹੀ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਬੇਲਗਾਮ ਹੋ ਚੁੱਕੇ ਹਨ।


ਆਗਾਮੀ ਚੋਣਾਂ ਵੱਲ ਇਸ਼ਾਰਾ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਹੁਣ ਛੇ ਮਹੀਨੇ ਵੀ ਬਾਕੀ ਨਹੀਂ ਰਹਿ ਗਏ ਹਨ, ਪਰ ਇਸ ਦੇ ਬਾਵਜੂਦ ਇਹ ਲੋਕ ਪੰਜਾਬ ਦੇ ਹਿੱਤਾਂ ਨੂੰ ਵਿਸਾਰ ਕੇ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦਰਬਾਰ ਦੀਆਂ ਪਰਿਕਰਮਾ ਕਰਨ ਅਤੇ ਆਪਣੀ ਕੁਰਸੀ ਬਚਾਉਣ ਦੀ ਭੱਜ-ਦੌੜ ਵਿੱਚ ਮਸਤ ਹਨ। ਉਨ੍ਹਾਂ ਭਵਿੱਖਬਾਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲੇ ਹਾਕਮਾਂ ਦਾ ਹਸ਼ਰ ਵੀ ਦੇਖਿਆ ਹੈ ਅਤੇ ਉਹ ਬੇਹੱਦ ਸਮਝਦਾਰ ਹਨ; ਇਸ ਲਈ ਪੰਜਾਬ ਦੀ ਜਨਤਾ 'ਆਪ' ਸਰਕਾਰ ਦੀਆਂ ਇਨ੍ਹਾਂ ਲੋਕ-ਵਿਰੋਧੀ ਕਰਤੂਤਾਂ ਲਈ ਇਨ੍ਹਾਂ ਨੂੰ ਕਦੇ ਵੀ ਬਖ਼ਸ਼ਣ ਵਾਲੀ ਨਹੀਂ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.