IMG-LOGO
ਹੋਮ ਪੰਜਾਬ: ਬਠਿੰਡਾ 'ਚ ਦਹਿਸ਼ਤ: ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ...

ਬਠਿੰਡਾ 'ਚ ਦਹਿਸ਼ਤ: ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ

Admin User - Jun 23, 2026 10:17 AM
IMG

ਬਠਿੰਡਾ: ਸ਼ਹਿਰ ਦੇ ਵਿਸ਼ਾਲ ਨਗਰ ਇਲਾਕੇ ਵਿੱਚ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ, ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ਨੂੰ ਨਿਸ਼ਾਨਾ ਬਣਾਉਂਦਿਆਂ ਪੈਟਰੋਲ ਬੰਬ ਸੁੱਟਿਆ ਗਿਆ। ਖੁਸ਼ਕਿਸਮਤੀ ਰਹੀ ਕਿ ਸਮੇਂ ਸਿਰ ਭਣਕ ਲੱਗਣ ਕਾਰਨ ਵੱਡਾ ਹਾਦਸਾ ਟਲ ਗਿਆ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।


ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਸਾਰੀ ਘਟਨਾ ਮੇਲਾ ਰਾਮ ਰੋਡ 'ਤੇ ਸਥਿਤ ਕਲੀਨਿਕ ਦੇ ਬਾਹਰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋ ਸ਼ਰਾਰਤੀ ਅਨਸਰ ਕਲੀਨਿਕ ਦੇ ਗੇਟ ਅੱਗੇ ਆ ਕੇ ਰੁਕੇ। ਇੱਕ ਮੁਲਜ਼ਮ ਨੇ ਪੈਟਰੋਲ ਨਾਲ ਭਰੀ ਬੋਤਲ ਨੂੰ ਅੱਗ ਲਗਾ ਕੇ ਅੰਦਰ ਸੁੱਟ ਦਿੱਤੀ, ਜਦਕਿ ਉਸ ਦਾ ਦੂਜਾ ਸਾਥੀ ਇਸ ਸਾਰੀ ਵਾਰਦਾਤ ਦੀ ਮੋਬਾਈਲ ਫੋਨ 'ਤੇ ਵੀਡੀਓ ਬਣਾ ਰਿਹਾ ਸੀ। ਕਲੀਨਿਕ ਦੇ ਅੰਦਰ ਮੌਜੂਦ ਵਿਅਕਤੀ ਨੇ ਜਦੋਂ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਸ ਨੇ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।


ਇਸ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਡਾ. ਤਰਸੇਮ ਗਰਗ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿਨ-ਦਿਹੜੇ ਅਜਿਹੀਆਂ ਵਾਰਦਾਤਾਂ ਹੋਣਾ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਦਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਮੌਜੂਦ ਚਿਹਰਿਆਂ ਨੂੰ ਬੇਨਕਾਬ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।


ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਉੱਚ-ਅਧਿਕਾਰੀਆਂ ਸਮੇਤ ਕਈ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਕਲੀਨਿਕ ਅਤੇ ਆਲੇ-ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।


ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ "ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਅਸੀਂ ਹਰ ਪੱਖ ਤੋਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਕਿ ਕੀ ਇਹ ਹਮਲਾ ਕਿਸੇ ਨਿੱਜੀ ਰੰਜਿਸ਼, ਸਿਆਸੀ ਵਿਵਾਦ ਜਾਂ ਫਿਰੌਤੀ ਦੇ ਮਕਸਦ ਨਾਲ ਕੀਤਾ ਗਿਆ ਸੀ। ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।"


ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ ਅਤੇ ਪੁਲਿਸ ਵੱਲੋਂ ਗਸ਼ਤ ਵਧਾ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.