IMG-LOGO
ਹੋਮ ਪੰਜਾਬ: 2027 ਦੀ ਜੰਗ: ਪੰਜਾਬ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ;...

2027 ਦੀ ਜੰਗ: ਪੰਜਾਬ ਕਾਂਗਰਸ 'ਚ ਵੱਡੇ ਫੇਰਬਦਲ ਦੀ ਤਿਆਰੀ; ਰਾਹੁਲ ਗਾਂਧੀ ਨੇ 5 ਦਿੱਗਜਾਂ ਨਾਲ ਕੀਤੀ ਵੱਖਰੀ ਮੁਲਾਕਾਤ

Admin User - Jun 23, 2026 11:20 AM
IMG

ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਕਾਂਗਰਸ ਹਾਈ ਕਮਾਂਡ ਨੇ ਸੂਬੇ ਵਿੱਚ ਸੱਤਾ ਵਾਪਸੀ ਲਈ ਵੱਡੀ ਸਿਆਸੀ ਬਿਸਾਤ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਸੂਤਰਾਂ ਮੁਤਾਬਕ, ਕਾਂਗਰਸ ਆਉਣ ਵਾਲੀਆਂ ਚੋਣਾਂ ਵਿੱਚ ਬਿਲਕੁਲ ਨਵੀਂ ਰਣਨੀਤੀ ਅਤੇ ਨਵੇਂ ਚਿਹਰਿਆਂ ਨਾਲ ਮੈਦਾਨ ਵਿੱਚ ਉੱਤਰ ਸਕਦੀ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਾਂਗਰਸੀ ਆਗੂਆਂ ਦੇ ਦਿੱਲੀ ਫੇਰੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਕੜੀ ਤਹਿਤ ਬੀਤੇ ਦਿਨੀਂ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ 5 ਚੋਟੀ ਦੇ ਨੇਤਾਵਾਂ ਨਾਲ ਵੱਖਰੇ ਤੌਰ 'ਤੇ ਇਕੱਲੇ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਸੂਬਾ ਪ੍ਰਧਾਨ ਦੇ ਅਹੁਦੇ ਸਮੇਤ ਜਥੇਬੰਦਕ ਢਾਂਚੇ ਵਿੱਚ ਕਿਸੇ ਵੀ ਵੇਲੇ ਵੱਡੇ ਬਦਲਾਅ ਦੀ ਉਮੀਦ ਜਤਾਈ ਜਾ ਰਹੀ ਹੈ।


ਗੌਰਤਲਬ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪੰਜਾਬ ਦੀਆਂ 117 ਸੀਟਾਂ ਵਿੱਚੋਂ ਮਹਿਜ਼ 18 ਸੀਟਾਂ 'ਤੇ ਸਿਮਟ ਗਈ ਸੀ। ਪਰ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ 13 ਵਿੱਚੋਂ 7 ਸੀਟਾਂ 'ਤੇ ਜਿੱਤ ਦਰਜ ਕੀਤੀ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਸੂਬੇ ਵਿੱਚ ਅਜੇ ਵੀ ਕਾਂਗਰਸ ਦਾ ਜਨਾਧਾਰ ਬਰਕਰਾਰ ਹੈ। ਹਾਲਾਂਕਿ, ਲੀਡਰਸ਼ਿਪ ਦੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਕਾਰਨ ਪਾਰਟੀ ਨੂੰ ਅਕਸਰ ਨੁਕਸਾਨ ਝੱਲਣਾ ਪੈਂਦਾ ਹੈ। ਹੁਣ ਹਾਈ ਕਮਾਂਡ 2027 ਦੀਆਂ ਚੋਣਾਂ ਤੋਂ ਪਹਿਲਾਂ ਇਸ ਕਮਜ਼ੋਰੀ ਨੂੰ ਦੂਰ ਕਰਕੇ ਬੈਕਫੁਟ 'ਤੇ ਨਹੀਂ ਜਾਣਾ ਚਾਹੁੰਦੀ।


ਪੰਜਾਬ ਪ੍ਰਤੀ ਹਾਈ ਕਮਾਂਡ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦੋ ਹਫ਼ਤਿਆਂ ਅੰਦਰ ਦਿੱਲੀ ਵਿੱਚ ਪੰਜਾਬ ਨੂੰ ਲੈ ਕੇ 5 ਵੱਡੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਪਾਰਟੀ ਨੇ ਸੂਬੇ ਦੀ ਸਿਆਸੀ ਸਥਿਤੀ ਦਾ ਸਹੀ ਮੁਲਾਂਕਣ ਕਰਨ ਲਈ ਤਿੰਨ ਸੀਨੀਅਰ ਆਬਜ਼ਰਵਰਾਂ— ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਦੀ ਇੱਕ ਉੱਚ-ਪੱਧਰੀ ਕਮੇਟੀ ਗਠਿਤ ਕੀਤੀ ਸੀ।


70 ਆਗੂਆਂ ਨਾਲ ਮੰਥਨ: ਇਸ ਕਮੇਟੀ ਨੇ ਪੰਜਾਬ ਦੇ ਲਗਭਗ 70 ਮੁੱਖ ਆਗੂਆਂ ਨੂੰ ਦਿੱਲੀ ਤਲਬ ਕਰਕੇ ਉਨ੍ਹਾਂ ਤੋਂ ਗੁਪਤ ਫੀਡਬੈਕ ਲਿਆ ਹੈ, ਜਿਨ੍ਹਾਂ ਵਿੱਚ ਮੌਜੂਦਾ ਸੰਸਦ ਮੈਂਬਰ, ਵਿਧਾਇਕ, ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹਨ।


ਸਿਆਸੀ ਸੰਤੁਲਨ 'ਤੇ ਫੋਕਸ: ਆਗੂਆਂ ਨੂੰ ਦੋ ਸਮੂਹਾਂ ਵਿੱਚ ਵੰਡ ਕੇ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ, ਜੱਟ ਸਿੱਖ ਅਤੇ ਦਲਿਤ ਸਿੱਖ ਲੀਡਰਸ਼ਿਪ ਵਿੱਚ ਸੋਸ਼ਲ ਇੰਜੀਨੀਅਰਿੰਗ (ਸੰਤੁਲਨ) ਬਣਾਉਣ ਅਤੇ ਚੋਣ ਕਮੇਟੀਆਂ ਦੇ ਗਠਨ ਵਰਗੇ ਅਹਿਮ ਮੁੱਦਿਆਂ 'ਤੇ ਵਿਸਥਾਰਪੂਰਵਕ ਰਾਏ ਲਈ ਗਈ ਹੈ।


ਕਾਂਗਰਸ ਲਈ ਇਹ ਕਦਮ ਚੁੱਕਣਾ ਸਮੇਂ ਦੀ ਮੁੱਖ ਮੰਗ ਬਣ ਗਿਆ ਹੈ, ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਆਪਣੇ ਕੰਮਾਂ ਦੇ ਦਮ 'ਤੇ ਅਤੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਨਿਸ਼ਾਨਾ ਬਣਾ ਕੇ ਲੋਕਾਂ ਵਿੱਚ ਪਕੜ ਮਜ਼ਬੂਤ ਕਰ ਰਹੀ ਹੈ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਆਪਣੇ ਸੰਗਠਨ ਵਿੱਚ ਵੱਡੇ ਫੇਰਬਦਲ ਕਰਕੇ ਪੰਜਾਬ ਵਿੱਚ ਪੈਰ ਪਸਾਰਨ ਲਈ ਪੂਰੀ ਵਾਹ ਲਾ ਰਹੀ ਹੈ। ਅਜਿਹੇ ਤਿਕੋਣੇ ਮੁਕਾਬਲੇ ਵਿੱਚ ਖੁਦ ਨੂੰ ਮੋਹਰੀ ਰੱਖਣ ਲਈ ਕਾਂਗਰਸ ਹੁਣ ਕੋਈ ਢਿੱਲ ਛੱਡਣ ਦੇ ਮੂਡ ਵਿੱਚ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਬਹੁਤ ਵੱਡਾ ਧਮਾਕਾ ਹੋਣ ਦੇ ਪੂਰੇ ਆਸਾਰ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.