IMG-LOGO
ਹੋਮ ਅੰਤਰਰਾਸ਼ਟਰੀ: ਬਰਤਾਨੀਆ 'ਚ ਵੱਡਾ ਸਿਆਸੀ ਸੰਕਟ: ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ...

ਬਰਤਾਨੀਆ 'ਚ ਵੱਡਾ ਸਿਆਸੀ ਸੰਕਟ: ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਅਸਤੀਫ਼ੇ ਦੀਆਂ ਚਰਚਾਵਾਂ ਤੇਜ਼; ਸੋਮਵਾਰ ਨੂੰ ਕਰ ਸਕਦੇ ਹਨ ਵੱਡਾ ਐਲਾਨ

Admin User - Jun 21, 2026 01:23 PM
IMG

ਬਰਤਾਨੀਆ (UK) ਦੀ ਸਿਆਸਤ ਵਿੱਚ ਇਸ ਵੇਲੇ ਭਾਰੀ ਉਥਲ-ਪੁਥਲ ਮਚੀ ਹੋਈ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਅਗਵਾਈ 'ਤੇ ਸੰਕਟ ਦੇ ਬੱਦਲ ਗਹਿਰਾ ਗਏ ਹਨ ਅਤੇ ਉਨ੍ਹਾਂ ਦੇ ਅਸਤੀਫ਼ੇ ਨੂੰ ਲੈ ਕੇ ਚਰਚਾਵਾਂ ਬਾਜ਼ਾਰ ਗਰਮ ਹੈ। ਬ੍ਰਿਟਿਸ਼ ਅਖ਼ਬਾਰ ‘ਦ ਆਬਜ਼ਰਵਰ’ ਦੀ ਇੱਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਸਟਾਰਮਰ ਸੋਮਵਾਰ ਨੂੰ ਆਪਣੇ ਅਸਤੀਫ਼ੇ ਜਾਂ ਫਿਰ ਅਹੁਦਾ ਛੱਡਣ ਦੀ ਇੱਕ ਨਿਰਧਾਰਤ ਤਾਰੀਖ ਦਾ ਰਸਮੀ ਐਲਾਨ ਕਰ ਸਕਦੇ ਹਨ। ਦੂਜੇ ਪਾਸੇ, ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਟਾਰਮਰ ਅਜੇ ਵੀ ਪ੍ਰਧਾਨ ਮੰਤਰੀ ਵਜੋਂ ਦੇਸ਼ ਨੂੰ ਚਲਾਉਣ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ 'ਤੇ ਪੂਰੀ ਤਰ੍ਹਾਂ ਕੇਂਦਰਿਤ ਹਨ।


ਪ੍ਰਧਾਨ ਮੰਤਰੀ ਸਟਾਰਮਰ ਦੀਆਂ ਮੁਸ਼ਕਲਾਂ ਉਸ ਵੇਲੇ ਜਨਤਕ ਹੋ ਗਈਆਂ ਜਦੋਂ ਲੇਬਰ ਪਾਰਟੀ ਦੇ 100 ਤੋਂ ਵੱਧ ਸੰਸਦ ਮੈਂਬਰਾਂ (MPs) ਨੇ ਖੁੱਲ੍ਹ ਕੇ ਉਨ੍ਹਾਂ ਦੇ ਵਿਰੋਧ ਵਿੱਚ ਬਿਆਨ ਦੇ ਦਿੱਤੇ। ਇਨ੍ਹਾਂ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਸਟਾਰਮਰ ਨੂੰ ਤੁਰੰਤ ਅਹੁਦਾ ਤਿਆਗ ਦੇਣਾ ਚਾਹੀਦਾ ਹੈ ਜਾਂ ਫਿਰ ਪਾਰਟੀ ਦੇ ਨਵੇਂ ਮੁਖੀ ਦੀ ਚੋਣ ਲਈ ਸਮਾਂ-ਸੀਮਾ ਤੈਅ ਕਰਨੀ ਚਾਹੀਦੀ ਹੈ।


ਦਰਅਸਲ, 2024 ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਕੀਰ ਸਟਾਰਮਰ ਪਿਛਲੇ ਕੁਝ ਮਹੀਨਿਆਂ ਤੋਂ ਕਈ ਵਿਵਾਦਾਂ, ਘੁਟਾਲਿਆਂ ਅਤੇ ਨੀਤੀਆਂ ਵਿੱਚ ਵਾਰ-ਵਾਰ ਬਦਲਾਅ ਕਾਰਨ ਘਿਰੇ ਹੋਏ ਹਨ। ਜਨਤਾ ਵਿੱਚ ਇਹ ਸੁਨੇਹਾ ਗਿਆ ਹੈ ਕਿ ਉਹ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੇ ਹਨ।


ਬੀਤੇ ਸ਼ੁੱਕਰਵਾਰ ਨੂੰ ਸਟਾਰਮਰ ਦੇ ਕੱਟੜ ਵਿਰੋਧੀ ਐਂਡੀ ਬਰਨਹੈਮ ਵੱਲੋਂ ਸੰਸਦੀ ਸੀਟ ਜਿੱਤਣ ਤੋਂ ਬਾਅਦ ਇਹ ਵਿਵਾਦ ਹੋਰ ਭੱਖ ਗਿਆ ਹੈ। ਇਸ ਜਿੱਤ ਨੇ 56 ਸਾਲਾ ਬਰਨਹੈਮ ਲਈ ਲੇਬਰ ਪਾਰਟੀ ਦੀ ਲੀਡਰਸ਼ਿਪ ਨੂੰ ਰਸਮੀ ਚੁਣੌਤੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਦੇਸ਼ ਨੂੰ ਨਵੀਂ ਦਿਸ਼ਾ ਦੇਣ ਦਾ ਵਾਅਦਾ ਕਰਨ ਵਾਲੇ ਬਰਨਹੈਮ ਇਸ ਵੇਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉੱਭਰੇ ਹਨ।


ਰਿਪੋਰਟਾਂ ਮੁਤਾਬਕ ਸਟਾਰਮਰ ਇਸ ਵੇਲੇ ਆਪਣੀ ਪਤਨੀ ਨਾਲ ਸਰਕਾਰੀ ਨਿਵਾਸ 'ਚੈਕਰਸ' ਵਿਖੇ ਮੌਜੂਦਾ ਹਾਲਾਤ ਅਤੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਸਲਾਹ-ਮਸ਼ਵਰਾ ਕਰ ਰਹੇ ਹਨ।


ਹਾਲਾਂਕਿ, ਸਿਆਸੀ ਦਬਾਅ ਦੇ ਬਾਵਜੂਦ ਸ਼ੁੱਕਰਵਾਰ ਨੂੰ ਸਟਾਰਮਰ ਨੇ ਹਾਰ ਨਾ ਮੰਨਣ ਦੇ ਸੰਕੇਤ ਦਿੰਦਿਆਂ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਲੀਡਰਸ਼ਿਪ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਗੇ। ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰਨ ਤਾਂ ਜੋ ਪਾਰਟੀ ਦੇ ਅਕਸ ਨੂੰ ਨੁਕਸਾਨ ਨਾ ਪਹੁੰਚੇ।


ਜਿੱਥੇ ਐਂਡੀ ਬਰਨਹੈਮ ਦੇ ਸਮਰਥਕ ਸਟਾਰਮਰ ਦੀ ਸਵੈ-ਇੱਛੁਕ ਰਵਾਨਗੀ ਚਾਹੁੰਦੇ ਹਨ, ਉੱਥੇ ਹੀ ਸਾਬਕਾ ਸਿਹਤ ਮੰਤਰੀ ਵੇਸ ਸਟ੍ਰੀਟਿੰਗ ਨੇ ਵੀ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ। ਸੂਤਰਾਂ ਮੁਤਾਬਕ ਜੇਕਰ ਬਰਨਹੈਮ ਕਮਾਨ ਸੰਭਾਲਦੇ ਹਨ, ਤਾਂ ਉਹ ਮੌਜੂਦਾ ਵਿੱਤ ਮੰਤਰੀ ਰੇਚਲ ਰੀਵਜ਼ ਨੂੰ ਵੀ ਬਦਲ ਸਕਦੇ ਹਨ। ਹੁਣ ਸਭ ਦੀਆਂ ਨਜ਼ਰਾਂ ਸੋਮਵਾਰ ਨੂੰ ਹੋਣ ਵਾਲੇ ਸੰਭਾਵਿਤ ਬਿਆਨ 'ਤੇ ਟਿਕੀਆਂ ਹੋਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.