IMG-LOGO
ਹੋਮ ਅੰਤਰਰਾਸ਼ਟਰੀ: ਲੰਡਨ ਨੇੜੇ ਭਿਆਨਕ ਰੇਲ ਹਾਦਸਾ: ਦੋ ਰੇਲਗੱਡੀਆਂ ਵਿਚਕਾਰ ਹੋਈ ਜ਼ਬਰਦਸਤ...

ਲੰਡਨ ਨੇੜੇ ਭਿਆਨਕ ਰੇਲ ਹਾਦਸਾ: ਦੋ ਰੇਲਗੱਡੀਆਂ ਵਿਚਕਾਰ ਹੋਈ ਜ਼ਬਰਦਸਤ ਟੱਕਰ; 1 ਯਾਤਰੀ ਦੀ ਮੌਤ, 40 ਤੋਂ ਵੱਧ ਜ਼ਖ਼ਮੀ, ਰੇਲ ਸੇਵਾਵਾਂ ਠੱਪ

Admin User - Jun 20, 2026 10:55 AM
IMG

ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਨਜ਼ਦੀਕੀ ਇਲਾਕੇ ਵਿੱਚ ਇੱਕ ਦਰਦਨਾਕ ਰੇਲ ਹਾਦਸਾ ਵਾਪਰਨ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੈੱਡਫੋਰਡਸ਼ਾਇਰ ਸ਼ਹਿਰ ਦੇ ਦੱਖਣ ਵਿੱਚ ਦੋ ਰੇਲਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਹ ਟੱਕਰ ਉਸ ਰੇਲਵੇ ਲਾਈਨ ‘ਤੇ ਹੋਈ ਜੋ ਕੇਂਦਰੀ ਲੰਡਨ ਦੇ ਪ੍ਰਮੁੱਖ 'ਸੇਂਟ ਪੈਨਕ੍ਰਾਸ ਸਟੇਸ਼ਨ' ਨੂੰ ਮੱਧ ਇੰਗਲੈਂਡ ਨਾਲ ਜੋੜਦੀ ਹੈ। ਇਸ ਭਿਆਨਕ ਟੱਕਰ ਵਿੱਚ ਇੱਕ ਰੇਲ ਯਾਤਰੀ ਦੀ ਮੌਤ ਹੋ ਗਈ ਹੈ, ਜਦਕਿ 40 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।


ਇਸ ਹਾਦਸੇ ਕਾਰਨ ਪੂਰੇ ਰੂਟ 'ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਲੂਟਨ ਤੇ ਬੈੱਡਫੋਰਡ ਵਿਚਕਾਰ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੋਕ ਦਿੱਤੀਆਂ ਗਈਆਂ ਹਨ।


'ਈਸਟ ਮਿਡਲੈਂਡਜ਼ ਰੇਲਵੇ' ਨੇ ਸ਼ਾਮ 5:30 ਵਜੇ ਸੋਸ਼ਲ ਮੀਡੀਆ ਪਲੇਟਫਾਰਮ 'X' (ਟਵਿੱਟਰ) 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੰਡਨ ਸੇਂਟ ਪੈਨਕ੍ਰਾਸ ਅਤੇ ਲੈਸਟਰ ਵਿਚਕਾਰ ਰੇਲ ਸੇਵਾਵਾਂ ਨੂੰ ਫਿਲਹਾਲ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਗਿਆ ਹੈ, ਕਿਉਂਕਿ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।


ਇਸੇ ਰੂਟ 'ਤੇ ਸੇਵਾਵਾਂ ਚਲਾਉਣ ਵਾਲੀ ਕੰਪਨੀ 'ਥੈਮਸਲਿੰਕ' ਨੇ ਵੀ ਪੁਸ਼ਟੀ ਕੀਤੀ ਹੈ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਗਲੇ ਹੁਕਮਾਂ ਤੱਕ ਲਾਈਨਾਂ ਬੰਦ ਰਹਿਣਗੀਆਂ।


'ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ' (BTP) ਦੇ ਅਧਿਕਾਰੀ ਬੈੱਡਫੋਰਡਸ਼ਾਇਰ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨਾਲ ਮਿਲ ਕੇ ਇਸ ਟੱਕਰ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਟਨਾ ਵਾਲੀ ਥਾਂ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਵੱਲ ਜਾਣ ਤੋਂ ਗੁਰੇਜ਼ ਕਰਨ ਤਾਂ ਜੋ ਰਾਹਤ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ।


ਮੌਕੇ ‘ਤੇ ਮੌਜੂਦ 'ਈਸਟ ਆਫ਼ ਇੰਗਲੈਂਡ ਐਂਬੂਲੈਂਸ ਸਰਵਿਸ' ਨੇ ਇਸ ਨੂੰ ਇੱਕ 'ਵੱਡਾ ਰੇਲ ਹਾਦਸਾ' ਕਰਾਰ ਦਿੱਤਾ ਹੈ। ਜ਼ਖ਼ਮੀਆਂ ਦੀ ਮਦਦ ਲਈ ਇੱਕ 'ਏਅਰ ਐਂਬੂਲੈਂਸ' (ਹਵਾਈ ਐਂਬੂਲੈਂਸ) ਅਤੇ ਇੱਕ 'ਹੈਜ਼ਰਡਸ ਏਰੀਆ ਰਿਸਪਾਂਸ ਟੀਮ' (ਖ਼ਤਰਨਾਕ ਖੇਤਰ ਪ੍ਰਤੀਕਿਰਿਆ ਟੀਮ) ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਮਲਬੇ ਵਿੱਚੋਂ ਲੋਕਾਂ ਨੂੰ ਕੱਢ ਕੇ ਨੇੜਲੇ ਹਸਪਤਾਲਾਂ ਵਿੱਚ ਪਹੁੰਚਾ ਰਹੀਆਂ ਹਨ।


ਇਸ ਮੰਦਭਾਗੀ ਘਟਨਾ ‘ਤੇ ਬ੍ਰਿਟੇਨ ਦੀ ਟ੍ਰਾਂਸਪੋਰਟ ਮੰਤਰੀ ਹੈਡੀ ਅਲੈਗਜ਼ੈਂਡਰ ਨੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਾਦਸੇ ਦੀਆਂ ਰਿਪੋਰਟਾਂ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਉੱਤਮ ਇਲਾਜ ਮੁਹੱਈਆ ਕਰਵਾਉਣਾ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ। ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਬਲੈਕ ਬਾਕਸ ਅਤੇ ਸਿਗਨਲ ਪ੍ਰਣਾਲੀ ਦੀ ਜਾਂਚ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖ਼ਰ ਦੋਵੇਂ ਟ੍ਰੇਨਾਂ ਇੱਕੋ ਟ੍ਰੈਕ ‘ਤੇ ਕਿਵੇਂ ਆਈਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.