ਤਾਜਾ ਖਬਰਾਂ
ਅਮਰੀਕਾ ਦੇ ਪ੍ਰਸਿੱਧ ਸ਼ਹਿਰ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ (Central Park) ਵਿੱਚ ਘੁੰਮਣ ਗਏ ਇੱਕ ਭਾਰਤੀ ਪਰਿਵਾਰ ਨਾਲ ਬੇਹੱਦ ਦਰਦਨਾਕ ਅਤੇ ਦਿਲ ਕੰਬਾਊ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਰਕ ਵਿੱਚ ਸੈਰ ਦੌਰਾਨ ਇੱਕ ਘੋੜਾ-ਬੱਘੀ ਦੇ ਅਚਾਨਕ ਬੇਕਾਬੂ ਹੋਣ ਕਾਰਨ, ਆਪਣੀ ਮਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 18 ਸਾਲਾ ਭਾਰਤੀ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ। ਪਹਿਲੀ ਵਾਰ ਅਮਰੀਕਾ ਦੀ ਯਾਤਰਾ 'ਤੇ ਆਏ ਇਸ ਪਰਿਵਾਰ ਲਈ ਇਹ ਸੈਰ ਕਦੇ ਨਾ ਭੁੱਲਣ ਵਾਲੇ ਸੋਗ ਵਿੱਚ ਬਦਲ ਗਈ ਹੈ।
ਰਿਪੋਰਟਾਂ ਮੁਤਾਬਕ ਇਹ ਮੰਦਭਾਗੀ ਘਟਨਾ ਬੁੱਧਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਇਹ ਭਾਰਤੀ ਪਰਿਵਾਰ ਸੈਂਟਰਲ ਪਾਰਕ ਵਿੱਚ ਘੋੜਾ-ਬੱਘੀ ਦੀ ਸਵਾਰੀ ਦਾ ਆਨੰਦ ਲੈ ਰਿਹਾ ਸੀ। ਪਰਿਵਾਰ ਦੀਆਂ ਯਾਦਗਾਰੀ ਤਸਵੀਰਾਂ ਲੈਣ ਲਈ ਬੱਘੀ ਦੇ ਡਰਾਈਵਰ ਨੇ ਗੱਡੀ ਨੂੰ ਇੱਕ ਜਗ੍ਹਾ 'ਤੇ ਰੋਕਿਆ।
ਇਸੇ ਦੌਰਾਨ ਕੋਈ ਚੀਜ਼ ਦੇਖ ਕੇ ਘੋੜਾ ਅਚਾਨਕ ਬੁਰੀ ਤਰ੍ਹਾਂ ਡਰ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਭੱਜਣ ਲੱਗਾ। ਬੱਘੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਸੰਤੁਲਨ ਵਿਗੜਨ ਕਾਰਨ ਨੌਜਵਾਨ ਰੋਮਾਂਚ ਦੀ ਮਾਂ ਪ੍ਰਿਆ ਹਵਾ ਵਿੱਚ ਉਛਲ ਕੇ ਸੜਕ 'ਤੇ ਹੇਠਾਂ ਡਿੱਗ ਗਈ। ਆਪਣੀ ਮਾਂ ਨੂੰ ਤੇਜ਼ ਰਫ਼ਤਾਰ ਬੱਘੀ ਤੋਂ ਹੇਠਾਂ ਡਿੱਗਦੇ ਦੇਖ 18 ਸਾਲਾ ਰੋਮਾਂਚ ਮਹਾਜਨ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਉਹ ਮਾਂ ਨੂੰ ਬਚਾਉਣ ਦੇ ਇਰਾਦੇ ਨਾਲ ਚਲਦੀ ਬੱਘੀ ਤੋਂ ਹੇਠਾਂ ਕੁੱਦ ਪਿਆ।
ਹੇਠਾਂ ਛਾਲ ਮਾਰਨ ਕਾਰਨ ਰੋਮਾਂਚ ਦੇ ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਲਹੂ-ਲੁਹਾਨ ਹਾਲਤ ਵਿੱਚ ਤੁਰੰਤ ‘ਨਿਊਯਾਰਕ-ਪ੍ਰੇਸਬੀਟੇਰੀਅਨ ਵੇਲ ਕਾਰਨੇਲ ਮੈਡੀਕਲ ਸੈਂਟਰ’ (NewYork-Presbyterian Weill Cornell Medical Center) ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ, ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਬੁੱਧਵਾਰ ਰਾਤ ਨੂੰ ਇਸ ਹੋਣਹਾਰ ਨੌਜਵਾਨ ਨੇ ਦਮ ਤੋੜ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਮੌਜੂਦ ਸੈਲਾਨੀਆਂ ਅਤੇ ਭਾਰਤੀ ਭਾਈਚਾਰੇ ਵਿੱਚ ਗਹਿਰੇ ਦੁੱਖ ਦੀ ਲਹਿਰ ਦੌੜ ਗਈ ਹੈ।
Get all latest content delivered to your email a few times a month.