IMG-LOGO
ਹੋਮ ਪੰਜਾਬ: ਛੋਟੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਵੱਡਾ...

ਛੋਟੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਵੱਡਾ ਭਰਾ; 8 ਘੰਟਿਆਂ ਦੇ ਅੰਦਰ ਦੋਵਾਂ ਨੇ ਤੋੜਿਆ ਦਮ, ਇੱਕੋ ਘਰੋਂ ਉੱਠੀਆਂ ਦੋ ਅਰਥੀਆਂ

Admin User - Jun 12, 2026 02:48 PM
IMG

ਅਜੋਕੇ ਦੌਰ ਵਿੱਚ ਜਿੱਥੇ ਜ਼ਮੀਨ-ਜਾਇਦਾਦ ਅਤੇ ਪੈਸੇ ਦੇ ਲਾਲਚ ਵਿੱਚ ਭਰਾ ਹੀ ਭਰਾ ਦਾ ਦੁਸ਼ਮਣ ਬਣ ਕੇ ਜਾਨ ਲੈਣ 'ਤੇ ਉਤਾਰੂ ਹੋ ਜਾਂਦਾ ਹੈ, ਉੱਥੇ ਹੀ ਸਮਰਾਲਾ ਦੇ ਨਜ਼ਦੀਕੀ ਪਿੰਡ ਭੰਗਲਾਂ ਤੋਂ ਭਰਾਤਰੀ ਪਿਆਰ ਦੀ ਇੱਕ ਅਜਿਹੀ ਅਨੋਖੀ ਪਰ ਬੇਹੱਦ ਦੁਖਦਾਈ ਮਿਸਾਲ ਸਾਹਮਣੇ ਆਈ ਹੈ ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਪਿੰਡ ਭੰਗਲਾਂ ਵਿਖੇ ਛੋਟੇ ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਵੱਡੇ ਭਰਾ ਨੇ ਵੀ ਸਦਮੇ ਵਿੱਚ ਦਮ ਤੋੜ ਦਿੱਤਾ। ਇਨ੍ਹਾਂ ਦੋਵਾਂ ਸਕੇ ਭਰਾਵਾਂ ਦਾ ਵਿਆਹ ਵੀ ਇੱਕੋ ਘਰ ਵਿੱਚ ਹੋਇਆ ਸੀ ਅਤੇ ਦੋਵਾਂ ਦਾ ਜਨਾਜ਼ਾ (ਅੰਤਿਮ ਯਾਤਰਾ) ਵੀ ਇੱਕੋ ਦਿਨ ਇੱਕੋ ਘਰੋਂ ਨਿਕਲਿਆ, ਜਿਸ ਕਾਰਨ ਪੂਰੇ ਇਲਾਕੇ ਵਿੱਚ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ।


ਪਿੰਡ ਤੋਂ ਮਿਲੀ ਜਾਣਕਾਰੀ ਮੁਤਾਬਕ 46 ਸਾਲਾ ਛੋਟਾ ਭਰਾ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਪੀੜਤ ਸੀ ਅਤੇ ਪੀ.ਜੀ.ਆਈ. (PGI) ਚੰਡੀਗੜ੍ਹ ਵਿਖੇ ਜ਼ੇਰੇ-ਇਲਾਜ ਸੀ। ਬੀਤੇ ਦਿਨੀਂ ਹਾਲਤ ਵਧੇਰੇ ਗੰਭੀਰ ਦੇਖਦਿਆਂ ਡਾਕਟਰਾਂ ਨੇ ਪਰਿਵਾਰ ਨੂੰ ਘਰ ਵਿੱਚ ਹੀ ਸੇਵਾ-ਸੰਭਾਲ ਕਰਨ ਦੀ ਸਲਾਹ ਦੇ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਸੀ। ਬੀਤੀ ਸ਼ਾਮ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਘਰ ਵਿੱਚ ਹੀ ਉਸਦੀ ਮੌਤ ਹੋ ਗਈ।


ਜਿਸ ਵੇਲੇ ਇਹ ਭਾਣਾ ਵਾਪਰਿਆ, ਉਸ ਸਮੇਂ 50 ਸਾਲਾ ਵੱਡਾ ਭਰਾ ਖੇਤਾਂ ਵਿੱਚ ਟਰੈਕਟਰ ਨਾਲ ਝੋਨੇ ਦੀ ਫ਼ਸਲ ਲਈ ਕੱਦੂ ਕਰ ਰਿਹਾ ਸੀ। ਭਰਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਹ ਤੁਰੰਤ ਭੱਜਾ ਹੋਇਆ ਘਰ ਪਹੁੰਚਿਆ ਅਤੇ ਭੁੱਬਾਂ ਮਾਰ ਕੇ ਰੋਣ ਲੱਗਾ। ਉਹ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਉਹ ਆਪਣੇ ਛੋਟੇ ਭਰਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ।


ਉਸ ਵੇਲੇ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਹੌਸਲਾ ਦਿੱਤਾ, ਪਾਣੀ ਪਿਲਾਇਆ ਅਤੇ ਆਰਾਮ ਕਰਨ ਲਈ ਸੁਆ ਦਿੱਤਾ। ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ; ਤੜਕੇ ਕਰੀਬ 2 ਵਜੇ ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਪਤਾ ਲੱਗਾ ਕਿ ਛੋਟੇ ਭਰਾ ਦੀ ਮੌਤ ਦੇ ਠੀਕ 8 ਘੰਟਿਆਂ ਬਾਅਦ ਸਦਮਾ ਨਾ ਸਹਾਰਨ ਕਾਰਨ ਵੱਡਾ ਭਰਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਸੀ।


ਇੱਕੋ ਵਿਹੜੇ ਵਿੱਚੋਂ ਦੋਵਾਂ ਜਵਾਨ ਭਰਾਵਾਂ ਦੀਆਂ ਅਰਥੀਆਂ ਇੱਕਠੀਆਂ ਉੱਠਦੀਆਂ ਦੇਖ ਕੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਦਾ ਕੋਈ ਵੀ ਅਜਿਹਾ ਚੁੱਲ੍ਹਾ ਨਹੀਂ ਸੀ ਜਿੱਥੇ ਅੱਜ ਅੱਗ ਬਲੀ ਹੋਵੇ। ਪੂਰਾ ਪਿੰਡ ਇਸ ਅਸਹਿ ਦੁੱਖ ਵਿੱਚ ਡੁੱਬਿਆ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.