ਤਾਜਾ ਖਬਰਾਂ
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਗੁੱਟਬਾਜ਼ੀ ਨੂੰ ਠੱਲ੍ਹ ਪਾਉਣ ਲਈ ਪਾਰਟੀ ਹਾਈਕਮਾਨ ਨੇ ਇੱਕ ਵੱਡਾ ਸਿਆਸੀ ਕਦਮ ਚੁੱਕਿਆ ਹੈ। ਸੂਬੇ ਦੇ ਮੌਜੂਦਾ ਹਾਲਾਤ ਅਤੇ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਜਾਇਜ਼ਾ ਲੈਣ ਲਈ ਕਾਂਗਰਸ ਲੀਡਰਸ਼ਿਪ ਵੱਲੋਂ ਤਿੰਨ ਵਿਸ਼ੇਸ਼ ਨਿਗਰਾਨ (Observers) ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚ ਸੀਨੀਅਰ ਆਗੂ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਦੇ ਨਾਂ ਸ਼ਾਮਲ ਹਨ। ਇਹ ਤਿੰਨੋਂ ਨੇਤਾ ਸੂਬੇ ਦੇ ਵੱਖ-ਵੱਖ ਹਲਕਿਆਂ ਅਤੇ ਆਗੂਆਂ ਤੋਂ ਜ਼ਮੀਨੀ ਹਕੀਕਤ ਦੀ ਰਿਪੋਰਟ ਤਿਆਰ ਕਰਕੇ ਸਿੱਧਾ ਦਿੱਲੀ ਦਰਬਾਰ ਨੂੰ ਸੌਂਪਣਗੇ।
ਪਾਰਟੀ ਦੇ ਸੂਤਰਾਂ ਮੁਤਾਬਕ ਸੂਬੇ ਵਿੱਚ ਧੜੇਬੰਦੀ ਨੂੰ ਖ਼ਤਮ ਕਰਨ ਦੀ ਮੁੱਖ ਜ਼ਿੰਮੇਵਾਰੀ ਤਜ਼ਰਬੇਕਾਰ ਨੇਤਾ ਅਜੇ ਮਾਕਨ ਦੇ ਮੋਢਿਆਂ 'ਤੇ ਪਾਈ ਗਈ ਹੈ। ਹਾਲਾਂਕਿ, ਕਾਂਗਰਸ ਹਾਈਕਮਾਨ ਨੇ ਫਿਲਹਾਲ ਜਨਤਕ ਤੌਰ 'ਤੇ ਪੰਜਾਬ ਦੀ ਲੀਡਰਸ਼ਿਪ ਵਿੱਚ ਕਿਸੇ ਵੀ ਤਰ੍ਹਾਂ ਦੇ ਫੇਰਬਦਲ ਤੋਂ ਸਾਫ਼ ਇਨਕਾਰ ਕੀਤਾ ਹੈ, ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਸਾਰੀ ਕਵਾਇਦ ਸੂਬੇ ਅੰਦਰ ਕਿਸੇ ਨਵੇਂ ਚਿਹਰੇ ਨੂੰ ਕਮਾਨ ਸੌਂਪਣ ਤੋਂ ਪਹਿਲਾਂ ਦੀ ਇੱਕ ਡੂੰਘੀ ਰਣਨੀਤੀ ਦਾ ਹਿੱਸਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਵੱਲੋਂ ਜਾਰੀ ਅਧਿਕਾਰਤ ਪੱਤਰ ਅਨੁਸਾਰ, ਤਿੰਨੋਂ ਆਬਜ਼ਰਵਰ ਪੰਜਾਬ ਦੇ ਅਹਿਮ ਸਿਆਸੀ ਮੁੱਦਿਆਂ 'ਤੇ ਸਥਾਨਕ ਵਰਕਰਾਂ ਅਤੇ ਲੀਡਰਾਂ ਨਾਲ ਸਲਾਹ-ਮਸ਼ਵਰਾ ਕਰਨਗੇ ਅਤੇ ਆਪਣੀ ਰਿਪੋਰਟ ਜਲਦ ਤੋਂ ਜਲਦ ਹਾਈਕਮਾਨ ਅੱਗੇ ਪੇਸ਼ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਕਮੇਟੀ ਨਾ ਸਿਰਫ਼ ਕਾਂਗਰਸ ਦੀ ਅੰਦਰੂਨੀ ਸਥਿਤੀ, ਸਗੋਂ ਪੰਜਾਬ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਦੀ ਮੌਜੂਦਾ ਪੁਜ਼ੀਸ਼ਨ ਅਤੇ ਪ੍ਰਭਾਵ ਦੀ ਵੀ ਇੱਕ ਵਿਸਥਾਰਿਤ ਰਿਪੋਰਟ ਤਿਆਰ ਕਰੇਗੀ।
ਇਸ ਵੱਡੇ ਫੈਸਲੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਖੇਮਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਹਾਈਕਮਾਨ ਦੇ ਇਹ 3 ਦੂਤ ਪੰਜਾਬ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਬਚਾਉਣ ਵਿੱਚ ਕਿੰਨੇ ਸਫ਼ਲ ਹੁੰਦੇ ਹਨ।
Get all latest content delivered to your email a few times a month.