IMG-LOGO
ਹੋਮ ਪੰਜਾਬ: ਭਾਜਪਾ ‘ਚ ਅੰਦਰੂਨੀ ਕਲਹਾ ਪ੍ਰਗਟ: ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ-ਭਾਜਪਾ...

ਭਾਜਪਾ ‘ਚ ਅੰਦਰੂਨੀ ਕਲਹਾ ਪ੍ਰਗਟ: ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ-ਭਾਜਪਾ ਗਠਜੋੜ ਦੀ ਵਕਾਲਤ, ਪਾਰਟੀ ਕਲਚਰ ‘ਤੇ ਚੁੱਕੇ ਸਵਾਲ

Admin User - May 30, 2026 02:56 PM
IMG

ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਭੂਚਾਲ ਆ ਗਿਆ ਜਦੋਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਪਾਰਟੀ ਦੀ ਰਣਨੀਤੀ ਖ਼ਿਲਾਫ਼ ਖੁੱਲ੍ਹ ਕੇ ਮੋਰਚਾ ਖੋਲ੍ਹ ਦਿੱਤਾ। ਕੈਪਟਨ ਨੇ ਪੰਜਾਬ ਦੀ ਸਥਿਰਤਾ, ਅਮਨ-ਕਾਨੂੰਨ ਅਤੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਪੁਰਾਣੇ ਗਠਜੋੜ ਨੂੰ ਮੁੜ ਸੁਰਜੀਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਹਾਲੀਆ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਹੋਈ ਕਰਾਰੀ ਹਾਰ ਦਾ ਸ਼ੀਸ਼ਾ ਦਿਖਾਉਂਦੇ ਹੋਏ ਕੈਪਟਨ ਨੇ ਦੋਟੁੱਕ ਕਿਹਾ ਕਿ ਪਾਰਟੀ ਕੋਲ ਸੂਬੇ ਵਿੱਚ ਮਜ਼ਬੂਤ ​​ਜ਼ਮੀਨੀ ਅਧਾਰ ਨਹੀਂ ਹੈ ਅਤੇ ਉਹ ਇਕੱਲਿਆਂ ਚੋਣਾਂ ਜਿੱਤਣ ਦੇ ਸਮਰੱਥ ਨਹੀਂ ਹੈ।


ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਅੰਦਰੂਨੀ ਖਿੱਚੋਤਾਣ ਨੂੰ ਦਬਾਉਣ ਦੀ ਕੋਸ਼ਿਸ਼ ਕਰਦਿਆਂ ਕੇਵਲ ਢਿੱਲੋਂ ਨੇ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰ ਦਿੱਤਾ ਹੈ। ਢਿੱਲੋਂ ਨੇ ਦਾਅਵਾ ਕੀਤਾ ਕਿ ਭਵਿੱਖ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਉਤਰੇਗੀ।


ਪਾਰਟੀ ਹਾਈਕਮਾਂਡ ਦੀ ਕਾਰਜਪ੍ਰਣਾਲੀ ‘ਤੇ ਤਿੱਖਾ ਹਮਲਾ ਕਰਦਿਆਂ ਕੈਪਟਨ ਨੇ ਭਾਜਪਾ ਦੇ ਅੰਦਰੂਨੀ ਲੋਕਤੰਤਰ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ, “ਮੈਂ ਤਿੰਨ ਵਾਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ, ਉੱਥੇ ਹਰ ਫੈਸਲੇ ਵੇਲੇ ਮੇਰੇ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਸੀ। ਪਰ ਭਾਜਪਾ ਦਾ ਕਲਚਰ ਬਿਲਕੁਲ ਵੱਖਰਾ ਅਤੇ ਹੈਰਾਨ ਕਰਨ ਵਾਲਾ ਹੈ। ਇੱਥੇ ਸਥਾਨਕ ਲੀਡਰਸ਼ਿਪ ਨਾਲ ਕੋਈ ਸਲਾਹ ਨਹੀਂ ਹੁੰਦੀ, ਸਾਰੇ ਫੈਸਲੇ ਸਿੱਧੇ ਉੱਪਰੋਂ (ਦਿੱਲੀਓਂ) ਆਉਂਦੇ ਹਨ।”


ਸਿਰਫ਼ ਦੋ ਦਿਨ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪਣ ਦੇ ਹਾਈਕਮਾਂਡ ਦੇ ਫੈਸਲੇ ‘ਤੇ ਤਨਜ਼ ਕਸਦਿਆਂ ਕੈਪਟਨ ਨੇ ਕਿਹਾ ਕਿ ਇਸ ਦੇ ਨਕਾਰਾਤਮਕ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਅਤੇ ਪਾਰਟੀ ਦੇ ਮਜ਼ਬੂਤ ਥੰਮ੍ਹ ਰਹੇ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਵਰਗੇ ਸੀਨੀਅਰ ਆਗੂ ਹਾਈਕਮਾਂਡ ਦੇ ਇਸ ਅਚਨਚੇਤ ਫੈਸਲੇ ਤੋਂ ਬੇਹੱਦ ਦੁਖੀ ਅਤੇ ਪ੍ਰਭਾਵਿਤ ਹਨ।


ਭਾਜਪਾ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀਆਂ ਅਫ਼ਵਾਹਾਂ ‘ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਕਾਂਗਰਸ ਇਸ ਵੇਲੇ ਖ਼ੁਦ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ ਅਤੇ ਉਸ ਦੀ ਸਰਕਾਰ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪੁੱਤਰੀ ਜੈ ਇੰਦਰ ਕੌਰ ਪੰਜਾਬ ਵਿੱਚ ਬਹੁਤ ਮਿਹਨਤ ਕਰ ਰਹੀ ਹੈ ਅਤੇ ਉਹ ਦੋਵੇਂ ਭਾਜਪਾ ਵਿੱਚ ਹੀ ਰਹਿ ਕੇ ਆਪਣੀ ਸਿਆਸੀ ਪਾਰੀ ਜਾਰੀ ਰੱਖਣਗੇ।


ਕੈਪਟਨ ਦੇ ਇਸ ਧਮਾਕੇਦਾਰ ਬਿਆਨ ਤੋਂ ਬਾਅਦ ਹੁਣ ਪੰਜਾਬ ਭਾਜਪਾ ਅੰਦਰ ਸ਼ੁਰੂ ਹੋਈ ‘ਧੜੇਬੰਦੀ’ ਖੁੱਲ੍ਹ ਕੇ ਚੌਰਾਹੇ ‘ਤੇ ਆ ਗਈ ਹੈ, ਜਿਸ ਦਾ ਅਸਰ ਆਉਣ ਵਾਲੀਆਂ ਚੋਣਾਂ ‘ਤੇ ਪੈਣਾ ਤੈਅ ਮੰਨਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.