ਤਾਜਾ ਖਬਰਾਂ
ਪੱਛਮੀ ਏਸ਼ੀਆ ਵਿੱਚ ਚੱਲ ਰਹੇ ਭਾਰੀ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਖ਼ਿਲਾਫ਼ ਜੰਗ ਦਾ ਬਿਗਲ ਵਜਾਉਂਦਿਆਂ ਇੱਕ ਵੱਡਾ ਅਤੇ ਸਨਸਨੀਖੇਜ਼ ਬਿਆਨ ਦਿੱਤਾ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਫ਼ੌਜ ਆਉਣ ਵਾਲੇ ਦੋ ਤੋਂ ਚਾਰ ਦਿਨਾਂ ਦੇ ਅੰਦਰ ਈਰਾਨ 'ਤੇ ਨਵੇਂ ਅਤੇ ਵੱਡੇ ਫ਼ੌਜੀ ਹਮਲੇ ਕਰ ਸਕਦੀ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਸਾਫ਼ ਕੀਤਾ ਕਿ ਇਹ ਕਾਰਵਾਈ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਜਾਂ ਫਿਰ ਅਗਲੇ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿੱਚ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ (White House) ਵਿਖੇ ਮੀਡੀਆ ਦੇ ਰੂਬਰੂ ਹੁੰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ, "ਮੈਂ ਹਮੇਸ਼ਾ ਉਮੀਦ ਕਰਦਾ ਹਾਂ ਕਿ ਸਾਨੂੰ ਸਿੱਧੀ ਜੰਗ ਦੇ ਮੈਦਾਨ ਵਿੱਚ ਨਾ ਉਤਰਨਾ ਪਵੇ, ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਈਰਾਨ ਨੂੰ ਇੱਕ ਹੋਰ ਵੱਡਾ ਝਟਕਾ ਦੇਣਾ ਬੇਹੱਦ ਜ਼ਰੂਰੀ ਹੋ ਗਿਆ ਹੈ।" ਜਦੋਂ ਉਨ੍ਹਾਂ ਕੋਲੋਂ ਨਵੇਂ ਹਮਲੇ ਦੀ ਸਮਾਂ-ਸੀਮਾ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦੱਸਿਆ ਕਿ ਇਹ ਹਮਲਾ ਬਹੁਤ ਜਲਦ, ਸ਼ਾਇਦ ਦੋ-ਤਿੰਨ ਦਿਨਾਂ ਦੇ ਅੰਦਰ ਹੀ ਸ਼ੁਰੂ ਹੋ ਸਕਦਾ ਹੈ, ਜੋ ਕਿ ਇੱਕ ਸੀਮਤ ਸਮੇਂ (Limited Time) ਦੀ ਸਖ਼ਤ ਫ਼ੌਜੀ ਕਾਰਵਾਈ ਹੋਵੇਗੀ।
ਗੌਰਤਲਬ ਹੈ ਕਿ ਟਰੰਪ ਦਾ ਇਹ ਤਾਜ਼ਾ ਬਿਆਨ ਉਨ੍ਹਾਂ ਦੇ ਹੀ ਮੰਗਲਵਾਰ ਵਾਲੇ ਦਾਅਵੇ ਤੋਂ ਬਿਲਕੁਲ ਉਲਟ ਹੈ। ਮੰਗਲਵਾਰ ਨੂੰ ਟਰੰਪ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਸੰਯੁਕਤ ਅਰਬ ਅਮੀਰਾ (UAE) ਸਮੇਤ ਹੋਰ ਖਾੜੀ ਦੇਸ਼ਾਂ ਦੀ ਵਿਸ਼ੇਸ਼ ਬੇਨਤੀ 'ਤੇ ਈਰਾਨ 'ਤੇ ਹੋਣ ਵਾਲੇ ਹਮਲੇ ਨੂੰ ਫਿਲਹਾਲ ਮੁਲਤਵੀ ਕਰ ਰਹੇ ਹਨ। ਹਾਲਾਂਕਿ, ਖਾੜੀ ਦੇਸ਼ਾਂ ਨੇ ਤੁਰੰਤ ਅਮਰੀਕੀ ਰਾਸ਼ਟਰਪਤੀ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸ ਕੂਟਨੀਤਕ ਖਿੱਚੋਤਾਣ ਦੇ ਮਹਿਜ਼ ਇੱਕ ਦਿਨ ਬਾਅਦ ਹੀ ਟਰੰਪ ਨੇ ਦੁਬਾਰਾ ਹਮਲੇ ਦੀ ਗੱਲ ਕਰਕੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ।
ਰਿਪੋਰਟਾਂ ਮੁਤਾਬਕ, ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ (Ceasefire) ਲਾਗੂ ਹੋਣ ਤੋਂ ਬਾਅਦ ਵੀ ਰਾਸ਼ਟਰਪਤੀ ਟਰੰਪ ਲਗਾਤਾਰ ਅਜਿਹੀਆਂ ਗਿੱਦੜ-ਭੱਬਕੀਆਂ ਦਿੰਦੇ ਆ ਰਹੇ ਹਨ, ਜਦਕਿ ਅਮਰੀਕਾ ਵੱਲੋਂ ਅਜੇ ਤੱਕ ਜ਼ਮੀਨੀ ਪੱਧਰ 'ਤੇ ਕੋਈ ਵੱਡੀ ਕਾਰਵਾਈ ਦੇਖਣ ਨੂੰ ਨਹੀਂ ਮਿਲੀ। ਦੂਜੇ ਪਾਸੇ, ਈਰਾਨ ਨੇ ਵੀ ਅਮਰੀਕਾ ਦੇ ਇਸ ਹਮਲਾਵਰ ਰੁਖ਼ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਤੇਹਰਾਨ (ਈਰਾਨ) ਨੇ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕਾ ਦੀ ਕਿਸੇ ਵੀ ਫ਼ੌਜੀ ਜਾਂ ਆਰਥਿਕ ਧਮਕੀ ਅੱਗੇ ਹਥਿਆਰ ਨਹੀਂ ਸੁੱਟੇਗਾ ਅਤੇ ਕਿਸੇ ਵੀ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਟਰੰਪ ਦੇ ਇਸ ਬਿਆਨ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਅਤੇ ਗਲੋਬਲ ਸ਼ੇਅਰ ਬਾਜ਼ਾਰਾਂ ਵਿੱਚ ਮੁੜ ਹਲਚਲ ਸ਼ੁਰੂ ਹੋ ਗਈ ਹੈ।
Get all latest content delivered to your email a few times a month.