ਤਾਜਾ ਖਬਰਾਂ
ਉੱਤਰ-ਪੱਛਮੀ ਅਮਰੀਕਾ ਦੇ ਇਡਾਹੋ (Idaho) ਰਾਜ ਵਿੱਚ ਚੱਲ ਰਹੇ ਇੱਕ ਹਵਾਈ ਪ੍ਰਦਰਸ਼ਨ (Air Show) ਦੌਰਾਨ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਅਸਮਾਨ ਵਿੱਚ ਹੈਰਤਅੰਗੇਜ਼ ਕਰਤਬ (Aerobatics) ਦਿਖਾ ਰਹੇ ਦੋ ਆਧੁਨਿਕ ਲੜਾਕੂ ਜਹਾਜ਼ ਅਚਾਨਕ ਆਪਸ ਵਿੱਚ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਜੈੱਟ ਹਵਾ ਵਿੱਚ ਹੀ ਬੇਕਾਬੂ ਹੋ ਕੇ ਚੱਕਰ ਖਾਣ ਲੱਗੇ ਅਤੇ ਦੇਖਦੇ ਹੀ ਦੇਖਦੇ ਜ਼ਮੀਨ 'ਤੇ ਜਾ ਡਿੱਗੇ। ਜ਼ਮੀਨ 'ਤੇ ਟਕਰਾਉਂਦੇ ਸਾਰ ਹੀ ਜਹਾਜ਼ਾਂ ਵਿੱਚ ਜ਼ੋਰਦਾਰ ਧਮਾਕਾ ਹੋਇਆ ਅਤੇ ਚਾਰੋਂ ਤਰਫ਼ ਕਾਲੇ ਧੂੰਏਂ ਦਾ ਗੁਬਾਰ ਫੈਲ ਗਿਆ, ਜਿਸ ਨਾਲ ਆਸਮਾਨ ਪੂਰੀ ਤਰ੍ਹਾਂ ਕਾਲਾ ਹੋ ਗਿਆ। ਇਸ ਖ਼ੌਫ਼ਨਾਕ ਮੰਜ਼ਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਕੌਮਾਂਤਰੀ ਨਿਊਜ਼ ਏਜੰਸੀ ਏ.ਐੱਫ.ਪੀ. (AFP) ਦੀ ਰਿਪੋਰਟ ਮੁਤਾਬਕ ਇਹ ਹਾਦਸਾ 'ਗਨਫਾਈਟਰ ਸਕਾਈਜ਼ ਏਅਰ ਸ਼ੋਅ' (Gunfighter Skies Air Show) ਦੌਰਾਨ ਵਾਪਰਿਆ। ਰਾਹਤ ਦੀ ਵੱਡੀ ਗੱਲ ਇਹ ਰਹੀ ਕਿ ਜਹਾਜ਼ਾਂ ਦੇ ਕ੍ਰੈਸ਼ ਹੋਣ ਤੋਂ ਐਨ ਪਹਿਲਾਂ ਦੋਵਾਂ ਜਹਾਜ਼ਾਂ ਵਿੱਚ ਸਵਾਰ ਚਾਰੇ ਪਾਇਲਟ ਅਤੇ ਚਾਲਕ ਦਲ (Crew) ਦੇ ਮੈਂਬਰ 'ਇਜੈਕਟ' (Eject) ਕਰਨ ਵਿੱਚ ਕਾਮਯਾਬ ਰਹੇ। ਹਵਾ ਵਿੱਚ ਖੁੱਲ੍ਹੇ ਚਾਰ ਪੈਰਾਸ਼ੂਟਾਂ ਦੀ ਮਦਦ ਨਾਲ ਉਹ ਸੁਰੱਖਿਅਤ ਜ਼ਮੀਨ 'ਤੇ ਉਤਰ ਆਏ, ਜਿਸ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਯੂ.ਐੱਸ. ਨੇਵਲ ਏਅਰ ਫੋਰਸਿਜ਼ ਪੈਸੀਫਿਕ ਫਲੀਟ ਦੀ ਬੁਲਾਰਨ ਕਮਾਂਡਰ ਅਮੇਲੀਆ ਉਮਯਾਮ ਨੇ ਮੀਡੀਆ ਨੂੰ ਦੱਸਿਆ ਕਿ ਹਾਦਸਾਗ੍ਰਸਤ ਹੋਏ ਜਹਾਜ਼ EA-18G Growler Jets ਸਨ, ਜੋ ਵਾਸ਼ਿੰਗਟਨ ਦੇ ਵਿਡਬੇ ਆਈਲੈਂਡ (Whidbey Island) 'ਤੇ ਤਾਇਨਾਤ ਸਨ। ਏਅਰ ਸ਼ੋਅ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਇਹ ਹਾਦਸਾ ਮਾਊਂਟੇਨ ਹੋਮ ਏਅਰ ਫੋਰਸ ਬੇਸ (Mountain Home Air Force Base) ਤੋਂ ਲਗਭਗ ਦੋ ਮੀਲ ਉੱਤਰ-ਪੱਛਮ ਵੱਲ ਵਾਪਰਿਆ।
ਅਮਰੀਕੀ ਮੀਡੀਆ ਸੰਸਥਾ ਸੀ.ਐੱਨ.ਬੀ.ਸੀ. (CNBC) ਅਨੁਸਾਰ ਇਸ ਭਿਆਨਕ ਹਾਦਸੇ ਦੇ ਤੁਰੰਤ ਬਾਅਦ ਪ੍ਰਸ਼ਾਸਨ ਨੇ ਏਅਰ ਸ਼ੋਅ ਨੂੰ ਰੱਦ ਕਰ ਦਿੱਤਾ। ਹਾਦਸੇ ਵਾਲੀ ਜਗ੍ਹਾ 'ਤੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਅਤੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਲਈ ਪੂਰੇ ਏਅਰ ਬੇਸ ਨੂੰ ਲਾਕਡਾਊਨ (ਤਾਲਾਬੰਦ) ਕਰ ਦਿੱਤਾ ਗਿਆ ਹੈ। ਐਮਰਜੈਂਸੀ ਟੀਮਾਂ ਅਤੇ ਹਵਾਨਬਾਜ਼ੀ ਮਾਹਿਰਾਂ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.