IMG-LOGO
ਹੋਮ ਅੰਤਰਰਾਸ਼ਟਰੀ: ਵ੍ਹਾਈਟ ਹਾਊਸ ਨੇੜੇ ਜ਼ਬਰਦਸਤ ਗੋਲੀਬਾਰੀ: ਸੀਕ੍ਰੇਟ ਸਰਵਿਸ ਨੇ ਹਥਿਆਰਬੰਦ ਹਮਲਾਵਰ...

ਵ੍ਹਾਈਟ ਹਾਊਸ ਨੇੜੇ ਜ਼ਬਰਦਸਤ ਗੋਲੀਬਾਰੀ: ਸੀਕ੍ਰੇਟ ਸਰਵਿਸ ਨੇ ਹਥਿਆਰਬੰਦ ਹਮਲਾਵਰ ਨੂੰ ਮਾਰੀ ਗੋਲੀ; ਸੁਰੱਖਿਆ ਕਾਰਨਾਂ ਕਰਕੇ ਵ੍ਹਾਈਟ ਹਾਊਸ 'ਲਾਕਡਾਊਨ'

Admin User - May 05, 2026 11:12 AM
IMG

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਵ੍ਹਾਈਟ ਹਾਊਸ ਦੇ ਬਿਲਕੁਲ ਨੇੜੇ ਨੈਸ਼ਨਲ ਮਾਲ ਖੇਤਰ ਵਿੱਚ ਇੱਕ ਹਥਿਆਰਬੰਦ ਵਿਅਕਤੀ ਅਤੇ ਸੀਕ੍ਰੇਟ ਸਰਵਿਸ ਦੇ ਏਜੰਟਾਂ ਵਿਚਕਾਰ ਖ਼ੂਨੀ ਝੜਪ ਹੋ ਗਈ। ਇਸ ਹਿੰਸਕ ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਵ੍ਹਾਈਟ ਹਾਊਸ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ 'ਲਾਕਡਾਊਨ' ਕਰ ਦਿੱਤਾ ਗਿਆ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਕਰਮਚਾਰੀਆਂ ਨੇ ਸ਼ੱਕੀ ਹਮਲਾਵਰ ਨੂੰ ਗੋਲੀ ਮਾਰ ਦਿੱਤੀ, ਜਦਕਿ ਇੱਕ ਰਾਹਗੀਰ ਨੌਜਵਾਨ ਵੀ ਇਸ ਗੋਲੀਬਾਰੀ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਿਆ।


ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਕਰੀਬ 3:30 ਵਜੇ ਵਾਪਰੀ। ਸੀਕ੍ਰੇਟ ਸਰਵਿਸ ਦੇ ਸਾਦੇ ਕੱਪੜਿਆਂ ਵਿੱਚ ਤਾਇਨਾਤ ਏਜੰਟਾਂ ਨੇ ਵ੍ਹਾਈਟ ਹਾਊਸ ਦੀ ਬਾਹਰੀ ਸੀਮਾ ਕੋਲ ਇੱਕ ਸ਼ੱਕੀ ਵਿਅਕਤੀ ਨੂੰ ਘੁੰਮਦਿਆਂ ਦੇਖਿਆ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੈਦਲ ਹੀ ਭੱਜਣ ਲੱਗਾ। ਕੁਝ ਦੂਰੀ 'ਤੇ ਜਾਣ ਤੋਂ ਬਾਅਦ ਸ਼ੱਕੀ ਨੇ ਆਪਣਾ ਹਥਿਆਰ ਕੱਢ ਲਿਆ ਅਤੇ ਡਿਊਟੀ 'ਤੇ ਮੌਜੂਦ ਅਧਿਕਾਰੀਆਂ ਵੱਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।


ਸੀਕ੍ਰੇਟ ਸਰਵਿਸ ਦੇ ਡਿਪਟੀ ਡਾਇਰੈਕਟਰ ਮੈਟ ਕੁਇਨ ਨੇ ਦੱਸਿਆ ਕਿ ਸ਼ੱਕੀ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਵਰਦੀਧਾਰੀ ਅਧਿਕਾਰੀਆਂ ਨੇ ਤੁਰੰਤ ਜਵਾਬੀ ਮੋਰਚਾ ਸੰਭਾਲਿਆ। ਸੁਰੱਖਿਆ ਕਰਮਚਾਰੀਆਂ ਵੱਲੋਂ ਚਲਾਈ ਗਈ ਗੋਲੀ ਸ਼ੱਕੀ ਨੂੰ ਲੱਗੀ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਫਿਲਹਾਲ ਹਮਲਾਵਰ ਦੀ ਹਾਲਤ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਦੁਖਦਾਈ ਗੱਲ ਇਹ ਰਹੀ ਕਿ ਹਮਲਾਵਰ ਵੱਲੋਂ ਚਲਾਈ ਗਈ ਇੱਕ ਗੋਲੀ ਉੱਥੋਂ ਲੰਘ ਰਹੇ ਇੱਕ ਰਾਹਗੀਰ ਕਿਸ਼ੋਰ ਨੂੰ ਵੀ ਜਾ ਲੱਗੀ, ਜੋ ਇਸ ਵੇਲੇ ਜ਼ੇਰੇ ਇਲਾਜ ਹੈ।


ਇਸ ਘਟਨਾ ਤੋਂ ਬਾਅਦ ਵ੍ਹਾਈਟ ਹਾਊਸ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਐਫ.ਬੀ.ਆਈ. ਅਤੇ ਸਥਾਨਕ ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲਾਵਰ ਦਾ ਮਕਸਦ ਕੀ ਸੀ ਅਤੇ ਕੀ ਉਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਵ੍ਹਾਈਟ ਹਾਊਸ ਦਾ ਲਾਕਡਾਊਨ ਬਾਅਦ ਵਿੱਚ ਹਟਾ ਦਿੱਤਾ ਗਿਆ, ਪਰ ਉੱਚ-ਪੱਧਰੀ ਚੌਕਸੀ ਅਜੇ ਵੀ ਬਰਕਰਾਰ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.