ਤਾਜਾ ਖਬਰਾਂ
ਚੀਨ ਦੇ ਹੁਨਾਨ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਲਿਉਯਾਂਗ ਸ਼ਹਿਰ ਦੀ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਨੇ 21 ਕੀਮਤੀ ਜਾਨਾਂ ਨਿਗਲ ਲਈਆਂ ਹਨ, ਜਦਕਿ 61 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਅਧਿਕਾਰੀਆਂ ਨੂੰ ਤੁਰੰਤ ਵੱਡੇ ਪੱਧਰ 'ਤੇ ਰਾਹਤ ਕਾਰਜ ਸ਼ੁਰੂ ਕਰਨੇ ਪਏ।
ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਮੁਤਾਬਕ ਇਹ ਹਾਦਸਾ ਸੋਮਵਾਰ ਸ਼ਾਮ 5 ਵਜੇ ਦੇ ਕਰੀਬ 'ਲਿਉਯਾਂਗ ਹੁਆਸ਼ੇਂਗ ਪਟਾਕੇ ਨਿਰਮਾਣ' ਕੰਪਨੀ ਵਿੱਚ ਵਾਪਰਿਆ। ਧਮਾਕੇ ਦੇ ਤੁਰੰਤ ਬਾਅਦ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ। ਐਮਰਜੈਂਸੀ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਘਟਨਾ ਸਥਾਨ 'ਤੇ ਲਗਭਗ 500 ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਹੋਰ ਧਮਾਕਿਆਂ ਦੇ ਖ਼ਤਰੇ ਨੂੰ ਟਾਲਣ ਲਈ ਬਚਾਅ ਟੀਮਾਂ ਵੱਲੋਂ ਆਧੁਨਿਕ ਤਕਨੀਕ ਅਤੇ ਤਿੰਨ ਵਿਸ਼ੇਸ਼ ਰੋਬੋਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬਾਰੂਦ ਦੇ ਗੋਦਾਮਾਂ ਵਿੱਚ ਨਮੀ ਬਣਾਈ ਰੱਖਣ ਲਈ ਲਗਾਤਾਰ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਜੋ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕੇ। ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਚੀਨੀ ਅਧਿਕਾਰੀਆਂ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਫੈਕਟਰੀ ਦੇ ਪ੍ਰਬੰਧਕਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ "ਨਿਯੰਤਰਣ ਉਪਾਅ" ਲਾਗੂ ਕੀਤੇ ਗਏ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਜਾਂਚ ਪੂਰੀ ਹੋਣ ਤੱਕ ਨਜ਼ਰਬੰਦ ਰੱਖਿਆ ਜਾਵੇਗਾ। ਚੀਨ ਵਿੱਚ ਚੰਦਰ ਨਵੇਂ ਸਾਲ ਦੇ ਆਸ-ਪਾਸ ਅਕਸਰ ਅਜਿਹੇ ਹਾਦਸੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਕਾਰਨ ਹੁਣ ਸੁਰੱਖਿਆ ਮਾਪਦੰਡਾਂ 'ਤੇ ਮੁੜ ਸਵਾਲ ਖੜ੍ਹੇ ਹੋ ਰਹੇ ਹਨ।
Get all latest content delivered to your email a few times a month.