ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਇੱਕ ਬੇਹੱਦ ਖ਼ੌਫ਼ਨਾਕ ਹਾਦਸਾ ਵਾਪਰਿਆ, ਜਿੱਥੇ ਮਾਨਵਤਾ ਦਿਖਾਉਣਾ ਕਈ ਲੋਕਾਂ ਲਈ ਮੌਤ ਦਾ ਕਾਰਨ ਬਣ ਗਿਆ। ਸੜਕ ਹਾਦਸੇ ਦੇ ਜ਼ਖਮੀਆਂ ਦੀ ਮਦਦ ਕਰਨ ਲਈ ਇਕੱਠੀ ਹੋਈ ਭੀੜ ਨੂੰ ਇੱਕ ਬੇਕਾਬੂ ਕਾਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ 8 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ।
ਪੁਲਿਸ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਜਲਾਲਪੁਰ ਕੋਤਵਾਲੀ ਖੇਤਰ ਅਧੀਨ ਪੈਂਦੇ ਜਲਾਲਪੁਰ-ਅਕਬਰਪੁਰ ਮਾਰਗ 'ਤੇ ਪਿੰਡ ਅਸ਼ਰਫਪੁਰ ਭੂਆ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ ਸਾਢੇ 11 ਵਜੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਹੋ ਗਈ ਸੀ, ਜਿਸ ਵਿੱਚ ਦੋ ਸਵਾਰ ਜ਼ਖਮੀ ਹੋ ਗਏ ਸਨ। ਸਥਾਨਕ ਲੋਕ ਉਨ੍ਹਾਂ ਦੀ ਮਦਦ ਲਈ ਸੜਕ 'ਤੇ ਇਕੱਠੇ ਹੋਏ ਸਨ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਭੀੜ ਨੂੰ ਦਰੜਦੀ ਹੋਈ ਨਿਕਲ ਗਈ।
ਵਧੀਕ ਪੁਲਿਸ ਸੁਪਰਡੈਂਟ (ਪੂਰਬੀ) ਤੇਜਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਹੋਰ ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਟਾਂਡਾ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ, ਪਰ ਇਲਾਜ ਦੌਰਾਨ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਕੈਫੀ (32), ਉੱਤਮ ਕੁਮਾਰ (24), ਆਦਿਤਿਆ ਕੁਮਾਰ (25), ਲਾਲਚੰਦ (24), ਰਾਜੂ ਗੁਪਤਾ (32) ਅਤੇ ਛੋਟੂ ਵਜੋਂ ਹੋਈ ਹੈ, ਜਦਕਿ ਬਾਕੀ ਦੋ ਦੀ ਪਛਾਣ ਅਜੇ ਬਾਕੀ ਹੈ।
ਵਾਰਦਾਤ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਰਾਰ ਚਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਨੇਕਦਿਲ ਲੋਕਾਂ ਨਾਲ ਵਾਪਰੀ ਇਸ ਅਣਹੋਣੀ ਕਾਰਨ ਪੂਰੇ ਇਲਾਕੇ ਵਿੱਚ ਮਾਤਮ ਪਸਰਿਆ ਹੋਇਆ ਹੈ।
Get all latest content delivered to your email a few times a month.