ਤਾਜਾ ਖਬਰਾਂ
ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 293 ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (TMC) ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਦੱਖਣੀ 24 ਪਰਗਨਾ ਦੀ 'ਫਲਤਾ' ਸੀਟ 'ਤੇ ਗੜਬੜੀ ਕਾਰਨ ਚੋਣ ਕਮਿਸ਼ਨ ਵੱਲੋਂ ਵੋਟਿੰਗ ਰੱਦ ਕਰ ਦਿੱਤੀ ਗਈ ਸੀ, ਜਿਸ ਕਾਰਨ ਅੱਜ ਸਿਰਫ਼ 293 ਸੀਟਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।
ਸਭ ਤੋਂ ਵੱਡਾ ਉਲਟਫੇਰ ਭਵਾਨੀਪੁਰ ਵਿਧਾਨ ਸਭਾ ਸੀਟ 'ਤੇ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਤੋਂ ਪਿੱਛੇ ਚੱਲ ਰਹੀ ਹੈ। ਭਵਾਨੀਪੁਰ ਨੂੰ ਮਮਤਾ ਬੈਨਰਜੀ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦਾ ਜਨਮ ਅਤੇ ਰਿਹਾਇਸ਼ ਇਸੇ ਇਲਾਕੇ ਵਿੱਚ ਹੈ। ਇਸ ਵਾਰ ਸ਼ੁਭੇਂਦੂ ਅਧਿਕਾਰੀ ਨੰਦੀਗ੍ਰਾਮ ਦੇ ਨਾਲ-ਨਾਲ ਭਵਾਨੀਪੁਰ ਵਿੱਚ ਵੀ ਮਮਤਾ ਨੂੰ ਸਖ਼ਤ ਚੁਣੌਤੀ ਦੇ ਰਹੇ ਹਨ ਅਤੇ ਦੋਵਾਂ ਸੀਟਾਂ 'ਤੇ ਬੜ੍ਹਤ ਬਣਾਈ ਹੋਈ ਹੈ।
ਭਵਾਨੀਪੁਰ ਸੀਟ 'ਤੇ ਇਸ ਵਾਰ 86.74 ਫੀਸਦੀ ਵੋਟਿੰਗ ਹੋਈ ਹੈ, ਜੋ ਪਿਛਲੀ ਵਾਰ ਨਾਲੋਂ 10 ਫੀਸਦੀ ਜ਼ਿਆਦਾ ਹੈ। ਮਮਤਾ ਬੈਨਰਜੀ ਨੇ 2011 ਅਤੇ 2016 ਵਿੱਚ ਇੱਥੋਂ ਵੱਡੀ ਜਿੱਤ ਦਰਜ ਕੀਤੀ ਸੀ। ਹਾਲਾਂਕਿ, 2021 ਵਿੱਚ ਉਹ ਨੰਦੀਗ੍ਰਾਮ ਤੋਂ ਸ਼ੁਭੇਂਦੂ ਅਧਿਕਾਰੀ ਹੱਥੋਂ ਹਾਰ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਉਪ-ਚੋਣ ਵਿੱਚ ਭਵਾਨੀਪੁਰ ਤੋਂ 58 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਪਰ ਇਸ ਵਾਰ ਸ਼ੁਭੇਂਦੂ ਨੇ ਸਿੱਧਾ ਉਨ੍ਹਾਂ ਦੇ ਗੜ੍ਹ ਵਿੱਚ ਸੰਨ੍ਹ ਲਾ ਦਿੱਤੀ ਹੈ।
ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਦੇ ਚੰਗੇ ਪ੍ਰਦਰਸ਼ਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਇਸ ਵਾਰ ਬੰਗਾਲ ਵਿੱਚ 'ਹਿੰਦੂ ਇਕਜੁੱਟਤਾ' ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਸਲਿਮ ਵੋਟਾਂ ਵਿੱਚ ਵੀ ਸੰਨ੍ਹ ਲੱਗੀ ਹੈ ਅਤੇ ਕੁਝ ਵੋਟਾਂ ਮੁਸਲਿਮ ਪੱਖੀ ਪਾਰਟੀਆਂ ਤੇ ਭਾਜਪਾ ਨੂੰ ਵੀ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਦੇ ਵਾਅਦੇ ਨੇ ਲੋਕਾਂ 'ਤੇ ਅਸਰ ਪਾਇਆ ਹੈ। ਉਨ੍ਹਾਂ ਕਿਹਾ ਕਿ ਅਸਲ ਤਸਵੀਰ ਸਵੇਰੇ 11 ਵਜੇ ਤੋਂ ਬਾਅਦ ਸਾਫ਼ ਹੋਵੇਗੀ।
Get all latest content delivered to your email a few times a month.