ਤਾਜਾ ਖਬਰਾਂ
ਜ਼ੀਰਕਪੁਰ ਦੇ ਵੀਆਈਪੀ ਰੋਡ ‘ਤੇ ਸਥਿਤ ਇੱਕ ਰੈਸਟੋਰੈਂਟ ਦੇ ਬਾਹਰੋਂ ਇੱਕ ਕਾਰੋਬਾਰੀ ਨੂੰ ਦਿਨ ਦਿਹਾੜੇ ਅਗਵਾ ਕਰਨ ਦੀ ਚੌਕਾਉਂਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਅਣਪਛਾਤੇ ਨੌਜਵਾਨਾਂ ਅਤੇ ਇੱਕ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਸੁਮੀਤ ਸੂਦ, ਜੋ ਭਬਾਤ ਰੋਡ ਦੇ ਹਾਈਲੈਂਡ ਪਾਰਕ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਸਦੀ ਕਰੀਬ ਦਸ ਸਾਲ ਪਹਿਲਾਂ ਨੀਰਜ ਕੱਕੜ ਨਾਲ ਜਾਣ-ਪਛਾਣ ਹੋਈ ਸੀ। 30 ਅਪਰੈਲ ਦੀ ਸ਼ਾਮ ਨੀਰਜ ਨੇ ਉਸਨੂੰ ਵੀਆਈਪੀ ਰੋਡ ‘ਤੇ ਇੱਕ ਰੈਸਟੋਰੈਂਟ ਵਿੱਚ ਮਿਲਣ ਲਈ ਬੁਲਾਇਆ। ਸੁਮੀਤ ਆਪਣੇ ਦੋਸਤ ਵਿਕਾਸ ਸੂਦ ਅਤੇ ਸ਼ੇਖਰ ਮਹਿਤਾ ਨਾਲ ਉਥੇ ਪਹੁੰਚਿਆ, ਜਿੱਥੇ ਨੀਰਜ ਪਹਿਲਾਂ ਹੀ ਮੌਜੂਦ ਸੀ।
ਸ਼ਾਮ ਲਗਭਗ 6:45 ਵਜੇ ਇੱਕ ਨਕਾਬਪੋਸ਼ ਲੜਕੀ ਉਥੇ ਆਈ ਅਤੇ ਨੀਰਜ ਨਾਲ ਗੱਲਬਾਤ ਕਰਨ ਲੱਗੀ। ਕੁਝ ਹੀ ਸਮੇਂ ਬਾਅਦ ਦੋ ਤਗੜੇ ਜਸਮ ਵਾਲੇ ਨੌਜਵਾਨ ਉਥੇ ਪਹੁੰਚੇ ਅਤੇ ਨੀਰਜ ਨੂੰ ਜਬਰਦਸਤੀ ਆਪਣੇ ਨਾਲ ਲਿਜਾਣ ਲੱਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਪਟਿਆਲਾ ਦੇ ਕਰਮਚਾਰੀ ਦੱਸਦੇ ਹੋਏ ਕਿਹਾ ਕਿ ਨੀਰਜ ਖ਼ਿਲਾਫ਼ ਪੈਸਿਆਂ ਦੇ ਲੈਣ-ਦੇਣ ਸਬੰਧੀ ਮਾਮਲਾ ਦਰਜ ਹੈ।
ਇਸ ਦੌਰਾਨ, ਉਹ ਨੀਰਜ ਕੱਕੜ ਨੂੰ ਇੱਕ ਚਿੱਟੀ ਸਕਾਰਪਿਓ ਵਿੱਚ ਬਿਠਾ ਕੇ ਮੌਕੇ ਤੋਂ ਲੈ ਗਏ। ਘਟਨਾ ਤੋਂ ਬਾਅਦ ਪਰਿਵਾਰ ਅਤੇ ਦੋਸਤਾਂ ਵੱਲੋਂ ਆਪਣੇ ਪੱਧਰ ‘ਤੇ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਐਮਰਜੈਂਸੀ ਨੰਬਰ 112 ‘ਤੇ ਵੀ ਕਾਲ ਕੀਤੀ ਗਈ।
ਥਾਣਾ ਜ਼ੀਰਕਪੁਰ ਦੇ ਥਾਣੇਦਾਰ ਜਸਵੰਤ ਸਿੰਘ ਦੇ ਮੁਤਾਬਕ, ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 140(3) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਇਕੱਠੇ ਕਰਕੇ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।
Get all latest content delivered to your email a few times a month.