ਤਾਜਾ ਖਬਰਾਂ
ਲੁਧਿਆਣਾ ਦੇ ਘੰਟਾ ਘਰ ਵਿਖੇ ਆਮ ਆਦਮੀ ਪਾਰਟੀ ਦੀ ਟਰੇਡ ਵਿੰਗ ਵੱਲੋਂ ਗੈਸ ਸਿਲੰਡਰਾਂ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਦੋਸ਼ ਲਗਾਇਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਲਗਾਤਾਰ ਵੱਧ ਰਿਹਾ ਹੈ।
ਪ੍ਰਦਰਸ਼ਨ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਹੋਰ ਕਈ ਆਗੂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਲਗਾਤਾਰ ਵਾਧੇ ਕਾਰਨ ਖਾਸ ਕਰਕੇ ਹੋਟਲ ਅਤੇ ਰੈਸਟੋਰੈਂਟ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ, ਜਿਸਦਾ ਅਸਰ ਆਖ਼ਿਰਕਾਰ ਆਮ ਗਾਹਕਾਂ ‘ਤੇ ਵੀ ਪੈ ਰਿਹਾ ਹੈ।
ਆਗੂਆਂ ਨੇ ਦਰਸਾਇਆ ਕਿ ਮਾਰਚ, ਅਪ੍ਰੈਲ ਅਤੇ ਹੁਣ ਹਾਲ ਹੀ ਵਿੱਚ ਹੋਏ ਵਾਧਿਆਂ ਨਾਲ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਕੁੱਲ 1300 ਰੁਪਏ ਤੋਂ ਵੱਧ ਦਾ ਇਜ਼ਾਫਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਨਹੀਂ ਕੀਤਾ ਗਿਆ, ਪਰ ਪਹਿਲਾਂ ਹੀ ਕੀਤੇ ਵਾਧੇ ਨਾਲ ਘਰੇਲੂ ਬਜਟ ‘ਤੇ ਅਸਰ ਪਿਆ ਹੈ।
ਪਾਰਟੀ ਆਗੂਆਂ ਮੁਤਾਬਕ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ, ਪਰ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਢੁਕਵਾਂ ਕਦਮ ਚੁੱਕਦੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਚੋਣਾਂ ਦੌਰਾਨ ਹੀ ਲੋਕਾਂ ਦੀ ਚਿੰਤਾ ਕਰਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮਹਿੰਗਾਈ ਦੇ ਭਾਰ ਹੇਠ ਛੱਡ ਦਿੰਦੀ ਹੈ।
ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲੈਂਦਿਆਂ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਅਤੇ ਗੈਸ ਕੀਮਤਾਂ ਵਿੱਚ ਤੁਰੰਤ ਕਮੀ ਦੀ ਮੰਗ ਕੀਤੀ।
Get all latest content delivered to your email a few times a month.