ਤਾਜਾ ਖਬਰਾਂ
ਸੈਕਟਰ 25 ਸਥਿਤ ਮਿੱਤਲ ਮਾਲ ਵਿੱਚ ਬੀਤੀ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਰਾਤ ਕਰੀਬ 10 ਵਜੇ ਮਾਲ ਦੀ ਬੇਸਮੈਂਟ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਇੰਨਾ ਰੌਦਰ ਰੂਪ ਧਾਰਨ ਕਰ ਲਿਆ ਕਿ ਮਾਲ ਦਾ ਅੱਧਾ ਹਿੱਸਾ ਇਸ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਵਿੱਚ ਬਾਟਾ, ਜੌਕੀ, ਲਿਬਰਟੀ ਅਤੇ ਵੁੱਡਲੈਂਡ ਵਰਗੇ ਕਈ ਵੱਡੇ ਬ੍ਰਾਂਡਾਂ ਦੇ ਸ਼ੋਰੂਮ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਏ ਹਨ, ਜਦਕਿ ਮੈਕਡੋਨਲਡ ਸਮੇਤ ਹੋਰ ਕਈ ਦੁਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।
ਮੌਕੇ 'ਤੇ ਮੌਜੂਦ ਦੁਕਾਨਦਾਰਾਂ ਅਨੁਸਾਰ, ਅੱਗ ਲੱਗਣ ਦੀ ਸ਼ੁਰੂਆਤ ਬੇਸਮੈਂਟ ਵਿੱਚ ਸਥਿਤ ਇੱਕ ਸੈਲੂਨ ਤੋਂ ਹੋਈ। ਹਾਲਾਂਕਿ ਸ਼ੁਰੂਆਤ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਲਾਂ ਵਿੱਚ ਹੀ ਉੱਪਰ ਸਥਿਤ ਸ਼ੋਰੂਮਾਂ ਤੱਕ ਪਹੁੰਚ ਗਈ। ਅੱਗ ਦੀ ਤਪਸ਼ ਅਤੇ ਸ਼ੋਰੂਮਾਂ ਵਿੱਚ ਪਏ ਸਾਮਾਨ ਕਾਰਨ ਸਮੇਂ-ਸਮੇਂ 'ਤੇ ਜ਼ੋਰਦਾਰ ਧਮਾਕੇ ਵੀ ਸੁਣੇ ਗਏ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਮਾਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਅੱਗ ਦੀ ਸੂਚਨਾ ਮਿਲਦੇ ਹੀ ਤੁਰੰਤ ਮਾਲ ਨੂੰ ਖਾਲੀ ਕਰਵਾਇਆ ਗਿਆ, ਜਿਸ ਦੌਰਾਨ ਲੋਕਾਂ ਵਿੱਚ ਭਾਜੜ ਮਚ ਗਈ। ਖੁਸ਼ਕਿਸਮਤੀ ਰਹੀ ਕਿ ਸਮੇਂ ਸਿਰ ਨਿਕਾਸੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਣਾ ਚਾਂਦਨੀ ਬਾਗ ਦੀ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਮੋਰਚਾ ਸੰਭਾਲਿਆ ਅਤੇ ਭੀੜ ਨੂੰ ਕਾਬੂ ਕੀਤਾ।
ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਅੱਗੇ ਫੈਲਣ ਤੋਂ ਤਾਂ ਰੋਕ ਦਿੱਤਾ, ਪਰ ਦੇਰ ਰਾਤ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮਾਲ ਦੇ ਬਾਹਰ ਲੋਕਾਂ ਦਾ ਭਾਰੀ ਇਕੱਠ ਜਮ੍ਹਾਂ ਰਿਹਾ ਅਤੇ ਦੁਕਾਨਦਾਰਾਂ ਵਿੱਚ ਆਪਣੇ ਮਾਲੀ ਨੁਕਸਾਨ ਨੂੰ ਲੈ ਕੇ ਭਾਰੀ ਚਿੰਤਾ ਦੇਖੀ ਗਈ।
Get all latest content delivered to your email a few times a month.