IMG-LOGO
ਹੋਮ ਹਰਿਆਣਾ: ਅੰਬਾਲਾ ਬੋਰਵੈੱਲ ਹਾਦਸਾ: 21 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਜ਼ਿੰਦਗੀ ਦੀ...

ਅੰਬਾਲਾ ਬੋਰਵੈੱਲ ਹਾਦਸਾ: 21 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ

Admin User - Jul 01, 2026 10:31 AM
IMG

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਹਰ ਅੱਖ ਨਮ ਕਰ ਦਿੱਤੀ ਹੈ। ਇੱਥੋਂ ਦੇ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਮਾਸੂਮ ਨਿਰਵੈਰ ਨੂੰ ਬਚਾਇਆ ਨਹੀਂ ਜਾ ਸਕਿਆ। ਭਾਰਤੀ ਫੌਜ, ਐਨ.ਡੀ.ਆਰ.ਐਫ. (NDRF) ਅਤੇ ਐਸ.ਡੀ.ਆਰ.ਐਫ. (SDRF) ਦੀਆਂ ਟੀਮਾਂ ਵੱਲੋਂ ਬੱਚੇ ਨੂੰ ਜ਼ਿੰਦਾ ਬਾਹਰ ਕੱਢਣ ਲਈ ਚਲਾਇਆ ਗਿਆ 21 ਘੰਟਿਆਂ ਦਾ ਲੰਮਾ ਰੈਸਕਿਊ ਆਪ੍ਰੇਸ਼ਨ ਬੁੱਧਵਾਰ ਤੜਕੇ ਕਰੀਬ 3:30 ਵਜੇ ਉਸ ਦੀ ਮ੍ਰਿਤਕ ਦੇਹ ਬਾਹਰ ਆਉਣ ਨਾਲ ਦੁਖਦਾਈ ਅੰਤ ਤੱਕ ਪਹੁੰਚਿਆ। ਫਿਲਹਾਲ ਬੱਚੇ ਦੀ ਦੇਹ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ, ਜਿੱਥੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।


ਮੰਗਲਵਾਰ ਸਵੇਰ ਦੀ ਘਟਨਾ ਬਿਆਨ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਨਿਰਵੈਰ ਨੇ ਆਪਣੇ ਪਿਤਾ ਮਨਜੀਤ ਸਿੰਘ ਨਾਲ ਖੇਤ ਜਾਣ ਦੀ ਬਹੁਤ ਜ਼ਿੱਦ ਫੜੀ ਹੋਈ ਸੀ। ਜਦੋਂ ਪਿਤਾ ਨੇ ਉਸ ਨੂੰ ਨਾਲ ਲਿਜਾਣ ਤੋਂ ਇਨਕਾਰ ਕੀਤਾ ਤਾਂ ਮਾਸੂਮ ਨੇ ਆਪਣੀ ਤੋਤਲੀ ਆਵਾਜ਼ ਵਿੱਚ ਕਿਹਾ,


"ਪਾਪਾ, ਜੇ ਤੁਸੀਂ ਮੈਨੂੰ ਖੇਤ ਨਹੀਂ ਲੈ ਕੇ ਗਏ, ਤਾਂ ਮੈਂ ਬਿਮਾਰ ਹੋ ਜਾਵਾਂਗਾ ਅਤੇ ਫਿਰ ਮੈਂ ਸਕੂਲ ਨਹੀਂ ਜਾ ਸਕਾਂਗਾ।"


ਪੁੱਤਰ ਦੀ ਇਸ ਮਾਸੂਮੀਅਤ ਅੱਗੇ ਪਿਤਾ ਝੁਕ ਗਿਆ। ਸਵੇਰੇ ਕਰੀਬ 6:30 ਵਜੇ ਦੋਵੇਂ ਪਿਓ-ਪੁੱਤਰ ਦਾਦਾ ਕਰਨੈਲ ਸਿੰਘ ਲਈ ਖੇਤ ਵਿੱਚ ਰੋਟੀ ਲੈ ਕੇ ਪਹੁੰਚੇ ਸਨ। ਪਰ ਮਹਿਜ਼ ਅੱਧੇ ਘੰਟੇ ਬਾਅਦ ਹੀ ਖੇਡਦਾ-ਖੇਡਦਾ ਨਿਰਵੈਰ ਪੈਰ ਤਿਲਕਣ ਕਾਰਨ ਬੋਰਵੈੱਲ ਦੇ ਡੂੰਘੇ ਖੱਡ ਵਿੱਚ ਜਾ ਡਿੱਗਿਆ।


ਪਿੰਡ ਦੇ ਸਰਪੰਚ ਕੈਪਟਨ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਮਨਜੀਤ ਸਿੰਘ ਬਿਜਲੀ ਵਿਭਾਗ ਵਿੱਚ ਮੁਲਾਜ਼ਮ ਹਨ। ਉਨ੍ਹਾਂ ਦੀ ਇੱਕ 12-13 ਸਾਲ ਦੀ ਧੀ (ਅਮੀਰ ਕੌਰ) ਹੈ। ਘਰ ਵਿੱਚ ਲਗਭਗ 8 ਸਾਲਾਂ ਦੀਆਂ ਮੰਨਤਾਂ-ਮੁਰਾਦਾਂ ਮਗਰੋਂ ਪੁੱਤਰ ਦਾ ਜਨਮ ਹੋਇਆ ਸੀ, ਜਿਸ ਕਾਰਨ ਨਿਰਵੈਰ ਪੂਰੇ ਪਰਿਵਾਰ ਦੀ ਜਾਨ ਸੀ।


ਆਪਣੇ ਅੱਖਾਂ ਦੇ ਤਾਰੇ ਨੂੰ ਬੋਰਵੈੱਲ ਵਿੱਚ ਡਿੱਗਦਿਆਂ ਦੇਖ ਪਿਤਾ ਮਨਜੀਤ ਸਿੰਘ ਸਦਮੇ ਕਾਰਨ ਮੌਕੇ 'ਤੇ ਹੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਦੂਜੇ ਪਾਸੇ, ਬਜ਼ੁਰਗ ਦਾਦਾ ਕਰਨੈਲ ਸਿੰਘ ਦਾ ਰੋ-ਰੋ ਬੁਰਾ ਹਾਲ ਸੀ। ਉਹ ਖੇਤ ਦੀ ਮਿੱਟੀ ਫਰੋਲਦਾ ਰਿਹਾ ਅਤੇ ਰੋਂਦਿਆਂ ਹੋਇਆਂ ਆਵਾਜ਼ਾਂ ਮਾਰਦਾ ਰਿਹਾ- "ਓਏ ਨਿਰਵੈਰ, ਹੁਣ ਆ ਜਾ ਪੁੱਤ..."।


ਪਰਿਵਾਰ ਮੁਤਾਬਕ ਨਿਰਵੈਰ ਨੂੰ ਇਸੇ ਸਾਲ ਨੇੜਲੇ ਪਿੰਡ ਭਾਨੋਖੇੜੀ ਦੇ 'ਦਿ ਸਕਾਲਰਜ਼ ਸਕੂਲ' ਦੀ ਨਰਸਰੀ ਜਮਾਤ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਨਾਨਕੇ ਘਰ ਗਿਆ ਹੋਇਆ ਸੀ ਅਤੇ ਸੋਮਵਾਰ ਨੂੰ ਹੀ ਵਾਪਸ ਪਰਤਿਆ ਸੀ। 1 ਜੁਲਾਈ ਨੂੰ ਸਕੂਲ ਖੁੱਲ੍ਹਣੇ ਸਨ, ਜਿਸ ਦੀ ਤਿਆਰੀ ਵਜੋਂ ਹੀ ਉਹ ਖੇਤ ਜਾਣ ਦੀ ਜ਼ਿੱਦ ਕਰ ਰਿਹਾ ਸੀ, ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਉਸ ਦਾ ਆਖਰੀ ਸਫ਼ਰ ਹੋਵੇਗਾ।


ਇਸ ਹਿਰਦੇ-ਵੇਦਕ ਘਟਨਾ ਦਾ ਪਤਾ ਲੱਗਦਿਆਂ ਹੀ ਸੂਬੇ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਵੀ ਦੇਰ ਰਾਤ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ। ਪ੍ਰਸ਼ਾਸਨਿਕ ਅਧਿਕਾਰੀ ਅਤੇ ਪੂਰਾ ਪਿੰਡ ਇਸ ਮਾਸੂਮ ਦੀ ਬੇਵਕਤੀ ਮੌਤ 'ਤੇ ਡੂੰਘੇ ਸਦਮੇ ਵਿੱਚ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.