ਤਾਜਾ ਖਬਰਾਂ
ਮੱਧ ਪੂਰਬ ਵਿੱਚ ਜਾਰੀ ਭਾਰੀ ਤਣਾਅ ਦੇ ਦਰਮਿਆਨ ਇੱਕ ਵੱਡੀ ਕੂਟਨੀਤਕ ਸਫ਼ਲਤਾ ਦੀ ਉਮੀਦ ਜਾਗੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਇਜ਼ਰਾਈਲ ਅਤੇ ਲੇਬਨਾਨ ਦੇ ਆਗੂ 34 ਸਾਲਾਂ ਵਿੱਚ ਪਹਿਲੀ ਵਾਰ ਸਿੱਧੀ ਗੱਲਬਾਤ ਕਰਨ ਜਾ ਰਹੇ ਹਨ। ਵੀਰਵਾਰ ਨੂੰ ਪ੍ਰਸਤਾਵਿਤ ਇਸ ਬੈਠਕ ਨੂੰ ਦਹਾਕਿਆਂ ਪੁਰਾਣੀ ਦੁਸ਼ਮਣੀ ਨੂੰ ਖ਼ਤਮ ਕਰਨ ਵੱਲ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਪੋਸਟ ਕਰਦਿਆਂ ਲਿਖਿਆ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ 'ਥੋੜ੍ਹੀ ਰਾਹਤ' ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰੀਬ 34 ਸਾਲਾਂ ਤੋਂ ਦੋਵਾਂ ਆਗੂਆਂ ਵਿਚਾਲੇ ਕੋਈ ਰਾਬਤਾ ਨਹੀਂ ਹੋਇਆ ਸੀ। ਹਾਲਾਂਕਿ ਟਰੰਪ ਨੇ ਆਗੂਆਂ ਦੇ ਨਾਂ ਸਪੱਸ਼ਟ ਨਹੀਂ ਕੀਤੇ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਲੇਬਨਾਨ ਦੇ ਰਾਸ਼ਟਰਪਤੀ ਜੋਸੇਫ ਔਨ ਵਿਚਕਾਰ ਹੋ ਸਕਦੀ ਹੈ।
ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਸਬੰਧ ਹਮੇਸ਼ਾ ਤਣਾਅਪੂਰਨ ਰਹੇ ਹਨ। ਦੋਵੇਂ ਦੇਸ਼ 1948 ਤੋਂ ਤਕਨੀਕੀ ਤੌਰ 'ਤੇ ਜੰਗ ਦੀ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਵਿਚਕਾਰ ਕੋਈ ਰਸਮੀ ਕੂਟਨੀਤਕ ਸਬੰਧ ਨਹੀਂ ਹਨ। ਇਸ ਤੋਂ ਪਹਿਲਾਂ 1983 ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਸਿਖਰ ਪੱਧਰ ਦੀ ਗੱਲਬਾਤ ਹੋਈ ਸੀ। 1993 ਵਿੱਚ ਵੀ ਗੱਲਬਾਤ ਹੋਈ ਸੀ, ਪਰ ਉਹ ਮੁੱਖ ਆਗੂਆਂ ਦੇ ਪੱਧਰ ਦੀ ਨਹੀਂ ਸੀ।
ਇਹ ਇਤਿਹਾਸਕ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਜੰਗ ਤੇਜ਼ ਹੈ। ਇਜ਼ਰਾਈਲ ਨੇ ਲੇਬਨਾਨ ਵਿੱਚ ਵੱਡੇ ਪੱਧਰ 'ਤੇ ਹਮਲੇ ਕੀਤੇ ਹਨ ਅਤੇ ਦੱਖਣੀ ਇਲਾਕਿਆਂ ਵਿੱਚ ਜ਼ਮੀਨੀ ਕਾਰਵਾਈ ਜਾਰੀ ਹੈ। ਦੂਜੇ ਪਾਸੇ, ਲੇਬਨਾਨ ਨੇ ਸੰਕੇਤ ਦਿੱਤੇ ਹਨ ਕਿ ਕਿਸੇ ਵੀ ਉੱਚ-ਪੱਧਰੀ ਗੱਲਬਾਤ ਤੋਂ ਪਹਿਲਾਂ 'ਸੀਜ਼ਫਾਇਰ' (ਜੰਗਬੰਦੀ) ਦੀ ਮੰਗ ਰੱਖੀ ਜਾ ਸਕਦੀ ਹੈ। ਇਜ਼ਰਾਈਲ ਫਿਲਹਾਲ 'ਬਫਰ ਜ਼ੋਨ' ਬਣਾਉਣ ਦੀ ਆਪਣੀ ਰਣਨੀਤੀ 'ਤੇ ਅੜਿਆ ਹੋਇਆ ਹੈ।
ਇਸ ਖ਼ੂਨੀ ਸੰਘਰਸ਼ ਕਾਰਨ ਹੁਣ ਤੱਕ ਲੇਬਨਾਨ ਵਿੱਚ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਮੈਡੀਕਲ ਸਟਾਫ਼ ਸ਼ਾਮਲ ਹਨ। ਇਜ਼ਰਾਈਲ ਦੇ ਵੀ ਕਈ ਸੈਨਿਕ ਮਾਰੇ ਗਏ ਹਨ। ਮਾਹਿਰਾਂ ਅਨੁਸਾਰ, ਇਸ ਪੂਰੇ ਟਕਰਾਅ ਦਾ ਸਿੱਧਾ ਸਬੰਧ ਈਰਾਨ-ਇਜ਼ਰਾਈਲ-ਅਮਰੀਕਾ ਦੇ ਤਣਾਅ ਨਾਲ ਜੁੜਿਆ ਹੋਇਆ ਹੈ, ਜਿਸ ਨੇ ਪੂਰੇ ਖੇਤਰ ਨੂੰ ਅਸਥਿਰ ਕਰ ਦਿੱਤਾ ਹੈ।
Get all latest content delivered to your email a few times a month.