ਤਾਜਾ ਖਬਰਾਂ
ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਅਸਮਾਨ ਨੂੰ ਛੂਹਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਯੂਰਪ ਵਿੱਚ ਤੁਰੰਤ ਡਿਲਿਵਰੀ ਵਾਲੇ ਤੇਲ ਦੀ ਕੀਮਤ 150 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ਦੇ ਬਿਲਕੁਲ ਨਜ਼ਦੀਕ ਪਹੁੰਚ ਗਈ। ਅਮਰੀਕਾ ਵੱਲੋਂ ਰਣਨੀਤਕ ਤੌਰ 'ਤੇ ਮਹੱਤਵਪੂਰਨ 'ਹੋਰਮੁਜ਼ ਜਲ ਮਾਰਗ' ਦੀ ਘੇਰਾਬੰਦੀ ਦੀ ਸੰਭਾਵਨਾ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀ ਕਿੱਲਤ ਦਾ ਡਰ ਪੈਦਾ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਕੀਮਤਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਵਾਸ਼ਿੰਗਟਨ ਅਤੇ ਤਹਿਰਾਨ ਦਰਮਿਆਨ ਜੰਗਬੰਦੀ ਲਈ ਕੋਈ ਸਿਰੇ ਨਾ ਲੱਗਣ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ। ਅਮਰੀਕੀ ਜਲ ਸੈਨਾ ਵੱਲੋਂ ਇਰਾਨੀ ਮਾਰਗ ਰਾਹੀਂ ਹੋਣ ਵਾਲੀ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣ ਦੀ ਤਿਆਰੀ ਨੇ ਨਿਵੇਸ਼ਕਾਂ ਅਤੇ ਵਪਾਰੀਆਂ ਵਿੱਚ ਹੜਕੰਪ ਮਚਾ ਦਿੱਤਾ ਹੈ। ਇਸੇ ਕਾਰਨ 'ਬ੍ਰੈਂਟ ਕਰੂਡ ਫਿਊਚਰਜ਼' ਦੀ ਕੀਮਤ 6 ਫੀਸਦੀ ਦੀ ਵੱਡੀ ਉਛਾਲ ਨਾਲ 100 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਹਾਲਾਂਕਿ ਫਿਊਚਰਜ਼ ਮਾਰਕੀਟ ਅਜੇ ਵੀ 2008 ਦੇ 147 ਡਾਲਰ ਦੇ ਸਰਵਕਾਲੀ ਉੱਚ ਪੱਧਰ ਤੋਂ ਥੋੜ੍ਹਾ ਹੇਠਾਂ ਹੈ, ਪਰ ਫਿਜ਼ੀਕਲ ਕਰੂਡ (ਤੁਰੰਤ ਡਿਲਿਵਰੀ ਵਾਲਾ ਤੇਲ) ਪਹਿਲਾਂ ਹੀ ਸਾਰੇ ਰਿਕਾਰਡ ਮਾਤ ਦੇ ਰਿਹਾ ਹੈ।
ਉੱਤਰੀ ਸਾਗਰ ਦੇ ਇਸ ਤੇਲ ਦੀ ਕੀਮਤ ਸੋਮਵਾਰ ਨੂੰ 148.87 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ, ਜੋ 2008 ਦੀਆਂ ਸਿਖਰਲੀਆਂ ਕੀਮਤਾਂ ਨੂੰ ਵੀ ਪਾਰ ਕਰ ਗਈ ਹੈ।
28 ਫਰਵਰੀ ਨੂੰ ਸ਼ੁਰੂ ਹੋਈ ਜੰਗ ਤੋਂ ਬਾਅਦ ਹੋਰਮੁਜ਼ ਜਲ ਮਾਰਗ ਦੇ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਹੋਣ ਕਾਰਨ ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਵਿੱਚ ਤੇਲ ਦੀ ਸਪਲਾਈ ਨੂੰ ਲੈ ਕੇ ਭਾਰੀ ਖਿੱਚੋਤਾਣ ਚੱਲ ਰਹੀ ਹੈ। ਖਰੀਦਦਾਰ ਆਪਣੀ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਮਹਿੰਗੇ ਭਾਅ 'ਤੇ ਤੇਲ ਖਰੀਦਣ ਲਈ ਮਜਬੂਰ ਹਨ।
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਹੋਰਮੁਜ਼ ਜਲ ਮਾਰਗ ਦੀ ਘੇਰਾਬੰਦੀ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਗਲੋਬਲ ਅਰਥਵਿਵਸਥਾ 'ਤੇ ਇਸ ਦਾ ਗੰਭੀਰ ਨਕਾਰਾਤਮਕ ਅਸਰ ਪੈ ਸਕਦਾ ਹੈ ਅਤੇ ਮਹਿੰਗਾਈ ਨਵੀਆਂ ਸਿਖਰਾਂ ਨੂੰ ਛੂਹ ਸਕਦੀ ਹੈ।
Get all latest content delivered to your email a few times a month.