ਤਾਜਾ ਖਬਰਾਂ
ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਅਤੇ ਭਾਵੁਕ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਦੇ ਬਹੁ-ਉਡੀਕੀ ਹੋਲੋਗ੍ਰਾਮ ਸ਼ੋਅ “ਸਾਈਨ ਟੂ ਗੌਡ ਵਰਲਡ ਟੂਰ” ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਵਿਸ਼ਵ ਪੱਧਰੀ ਟੂਰ 3D ਪ੍ਰੋਜੈਕਸ਼ਨ ਤਕਨਾਲੋਜੀ ਰਾਹੀਂ ਸਿੱਧੂ ਨੂੰ ਮੁੜ ਸਟੇਜ 'ਤੇ ਜੀਵੰਤ ਕਰੇਗਾ, ਜਿਸ ਨਾਲ ਦਰਸ਼ਕਾਂ ਨੂੰ ਉਨ੍ਹਾਂ ਦੀ ਸਰੀਰਕ ਮੌਜੂਦਗੀ ਦਾ ਅਹਿਸਾਸ ਹੋਵੇਗਾ।
ਟੀਜ਼ਰ ਨੇ ਤੋੜੇ ਰਿਕਾਰਡ: 24 ਘੰਟਿਆਂ 'ਚ 2 ਕਰੋੜ ਵਿਊਜ਼
ਟੀਜ਼ਰ ਦੀ ਸ਼ੁਰੂਆਤ "ਐਂਪਾਇਰ ਫਾਲਸ" (ਸਾਮਰਾਜ ਡਿੱਗਦੇ ਹਨ) ਦੇ ਸ਼ਕਤੀਸ਼ਾਲੀ ਸੰਦੇਸ਼ ਨਾਲ ਹੁੰਦੀ ਹੈ, ਜਿਸ ਦਾ ਮਤਲਬ ਹੈ ਕਿ ਭਾਵੇਂ ਵੱਡੇ ਸਾਮਰਾਜ ਖ਼ਤਮ ਹੋ ਜਾਣ, ਪਰ ਇੱਕ ਕਲਾਕਾਰ ਦੀ ਵਿਰਾਸਤ ਹਮੇਸ਼ਾ ਅਮਰ ਰਹਿੰਦੀ ਹੈ। ਵੀਡੀਓ ਵਿੱਚ ਸਿੱਧੂ ਦਾ ਹੋਲੋਗ੍ਰਾਮ ਆਪਣੀਆਂ ਅੱਖਾਂ ਖੋਲ੍ਹਦਾ ਨਜ਼ਰ ਆਉਂਦਾ ਹੈ, ਜਿਸ ਤੋਂ ਬਾਅਦ ਸਟੇਡੀਅਮ ਦੀ ਭੀੜ ਅਤੇ ਇੱਕ ਕਾਲਾ ਸ਼ੇਰ ਦਿਖਾਇਆ ਗਿਆ ਹੈ। ਮਹਿਜ਼ 24 ਘੰਟਿਆਂ ਵਿੱਚ ਇਸ ਟੀਜ਼ਰ ਨੂੰ 2 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਹੈ।
ਪਾਕਿਸਤਾਨ ਨਾਲ ਕੀਤਾ ਵਾਅਦਾ ਹੋਵੇਗਾ ਪੂਰਾ
ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ ਪਾਕਿਸਤਾਨੀ ਪ੍ਰਸ਼ੰਸਕਾਂ ਨਾਲ ਉੱਥੇ ਜਾ ਕੇ ਪਰਫਾਰਮ ਕਰਨ ਦਾ ਵਾਅਦਾ ਕੀਤਾ ਸੀ। ਹੁਣ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਇਸ ਵਾਅਦੇ ਨੂੰ ਹੋਲੋਗ੍ਰਾਮ ਸ਼ੋਅ ਰਾਹੀਂ ਪੂਰਾ ਕਰਨ ਜਾ ਰਹੇ ਹਨ। ਪਾਕਿਸਤਾਨ ਤੋਂ ਇਲਾਵਾ ਇਹ ਸ਼ੋਅ ਭਾਰਤ, ਕੈਨੇਡਾ, ਅਮਰੀਕਾ, ਯੂ.ਕੇ., ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂ.ਏ.ਈ. ਦੇ ਸਿਨੇਮਾਘਰਾਂ ਵਿੱਚ ਇੱਕ ਫ਼ਿਲਮ ਵਾਂਗ ਦਿਖਾਇਆ ਜਾਵੇਗਾ।
ਇਤਾਲਵੀ ਟੀਮ ਨੇ ਤਿਆਰ ਕੀਤਾ 3D ਅਵਤਾਰ
ਇਸ ਸ਼ੋਅ ਨੂੰ ਵਿਕਸਤ ਕਰਨ ਲਈ ਇਟਲੀ ਦੀ ਇੱਕ ਮਾਹਿਰ ਟੀਮ ਕੰਮ ਕਰ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਕਲਾਕਾਰ ਦਾ ਅਜਿਹਾ ਹਾਈ-ਟੈਕ ਸ਼ੋਅ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਾਈਕਲ ਜੈਕਸਨ ਅਤੇ ਟੂਪੈਕ ਵਰਗੇ ਅੰਤਰਰਾਸ਼ਟਰੀ ਕਲਾਕਾਰਾਂ ਦੇ ਹੋਲੋਗ੍ਰਾਮ ਸ਼ੋਅ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਵੀ.ਆਈ.ਪੀ. ਟਿਕਟਾਂ ਦੀ ਕੀਮਤ 1.5 ਲੱਖ ਰੁਪਏ ਤੱਕ ਹੋ ਸਕਦੀ ਹੈ, ਹਾਲਾਂਕਿ ਟੀਮ ਵੱਲੋਂ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
ਜਨਮਦਿਨ 'ਤੇ ਮਿਲੇਗਾ ਖ਼ਾਸ ਤੋਹਫ਼ਾ
ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸ਼ੋਅ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਪੂਰੀ ਤਰ੍ਹਾਂ ਰਿਲੀਜ਼ ਕੀਤਾ ਜਾਵੇਗਾ। ਪਿਤਾ ਬਲਕੌਰ ਸਿੰਘ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਉਹ ਅਗਲੇ 30 ਸਾਲਾਂ ਤੱਕ ਹਰ ਸਾਲ ਸਿੱਧੂ ਦਾ ਇੱਕ ਨਵਾਂ ਗੀਤ ਰਿਲੀਜ਼ ਕਰਕੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੰਦੇ ਰਹਿਣਗੇ।
Get all latest content delivered to your email a few times a month.