IMG-LOGO
ਹੋਮ ਪੰਜਾਬ, ਮਨੋਰੰਜਨ, ਚੰਡੀਗੜ੍ਹ ਕਤਲਕਾਂਡ 'ਚ ਨਵਾਂ ਮੋੜ: ਲੱਕੀ ਪਟਿਆਲ ਦੀ ਕਥਿਤ ਆਡੀਓ...

ਚੰਡੀਗੜ੍ਹ ਕਤਲਕਾਂਡ 'ਚ ਨਵਾਂ ਮੋੜ: ਲੱਕੀ ਪਟਿਆਲ ਦੀ ਕਥਿਤ ਆਡੀਓ ਵਾਇਰਲ, ਸਿੰਗਰ ਮਨਕੀਰਤ ਔਲਖ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Admin User - Mar 19, 2026 11:23 AM
IMG

ਸੈਕਟਰ-9 ਵਿੱਚ ਹੋਏ ਕਾਰੋਬਾਰੀ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਦੇ ਕਤਲ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਜਰਾਇਮ ਦੀ ਦੁਨੀਆ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਹੁਣ ਗੈਂਗਸਟਰ ਲੱਕੀ ਪਟਿਆਲ ਦੀ ਇੱਕ ਕਥਿਤ ਆਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਸਿੱਧੀ ਚੁਣੌਤੀ ਦਿੰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।


"ਮਨਕੀਰਤ ਤੇ ਜੁਗਨੂੰ ਨੂੰ ਇਕੱਠਿਆਂ ਮਾਰਾਂਗਾ"

ਵਾਇਰਲ ਹੋ ਰਹੀ ਆਡੀਓ ਵਿੱਚ ਬੰਬੀਹਾ ਗੈਂਗ ਦਾ ਕਥਿਤ ਸਰਗਣਾ ਲੱਕੀ ਪਟਿਆਲ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਚੀਨੀ ਕੁਬਾਹੇੜੀ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਵਿਰੋਧੀ ਗੈਂਗ (ਐਂਟੀਆਂ) ਨਾਲ ਮਿਲਿਆ ਹੋਇਆ ਸੀ। ਔਲਖ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ:


"ਜੁਗਨੂੰ ਮਨਕੀਰਤ ਔਲਖ ਦੇ ਗੰਨਮੈਨਾਂ ਪਿੱਛੇ ਲੁਕ ਕੇ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਚਾਹੇ ਤੁਸੀਂ ਚਾਰ ਗੰਨਮੈਨ ਰੱਖ ਲਵੋ, ਜਿਸ ਦਿਨ ਵੀ ਮਾਰੇ, ਮਨਕੀਰਤ ਤੇ ਜੁਗਨੂੰ ਦੋਵਾਂ ਨੂੰ ਇਕੱਠਿਆਂ ਹੀ ਮਾਰਾਂਗਾ।"


ਪਟਿਆਲ ਨੇ ਆਡੀਓ ਵਿੱਚ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ ਜੋ ਚੀਨੀ ਦੇ ਕਤਲ ਨੂੰ ਨਜਾਇਜ਼ ਦੱਸ ਰਹੇ ਹਨ। ਉਸ ਨੇ ਕਿਹਾ ਕਿ ਜਿਹੜੇ ਲੋਕ ਚੀਨੀ ਨਾਲ ਮਿਲ ਕੇ ਜ਼ਮੀਨਾਂ ਦੇ ਕਾਰੋਬਾਰ ਜਾਂ ਹੋਰ ਕੰਮਾਂ ਵਿੱਚ ਹਿੱਸੇਦਾਰ ਸਨ, ਜੇਕਰ ਉਨ੍ਹਾਂ ਨੂੰ ਜ਼ਿਆਦਾ ਦੁੱਖ ਲੱਗ ਰਿਹਾ ਹੈ ਤਾਂ ਅਗਲਾ ਨੰਬਰ ਉਨ੍ਹਾਂ ਦਾ ਵੀ ਲੱਗ ਸਕਦਾ ਹੈ।


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੀਨੀ ਕੁਬਾਹੇੜੀ ਜਦੋਂ ਸੈਕਟਰ-9 ਦੀ ਇੱਕ ਜਿੰਮ ਵਿੱਚ ਕਸਰਤ ਕਰਕੇ ਆਪਣੀ ਫਾਰਚੂਨਰ ਕਾਰ ਵਿੱਚ ਬੈਠਣ ਲੱਗਾ ਸੀ, ਤਾਂ ਦੋ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਸੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਲੱਕੀ ਪਟਿਆਲ ਨੇ ਪਹਿਲਾਂ ਇੱਕ ਪੋਸਟ ਰਾਹੀਂ ਦਾਅਵਾ ਕੀਤਾ ਸੀ ਕਿ ਚੀਨੀ ਉਨ੍ਹਾਂ ਦੇ ਵਿਰੋਧੀ ਗੈਂਗ ਲਈ 'ਖ਼ਬਰੀ' ਦਾ ਕੰਮ ਕਰਦਾ ਸੀ ਅਤੇ ਫਿਰੌਤੀਆਂ ਵਸੂਲਣ ਵਿੱਚ ਮਦਦ ਕਰਦਾ ਸੀ।


ਇਸ ਵਾਇਰਲ ਆਡੀਓ ਤੋਂ ਬਾਅਦ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਆਡੀਓ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਗਾਇਕ ਮਨਕੀਰਤ ਔਲਖ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਹੋ ਗਏ ਹਨ। ਜਾਂਚ ਏਜੰਸੀਆਂ ਇਸ ਗੱਲ ਦੀ ਪੜਤਾਲ ਕਰ ਰਹੀਆਂ ਹਨ ਕਿ ਇਹ ਆਡੀਓ ਕਿੱਥੋਂ ਅਪਲੋਡ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.