ਤਾਜਾ ਖਬਰਾਂ
ਪੰਜਾਬ ਵਿੱਚ ਪੈਦਾ ਹੋਏ ਕਮਰਸ਼ੀਅਲ ਐਲ.ਪੀ.ਜੀ. (LPG) ਸੰਕਟ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਬੇ ਵਿੱਚ ਵਪਾਰਕ ਗੈਸ ਦੀ ਕਿੱਲਤ ਕਾਰਨ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ।
ਵਿਆਹਾਂ ਲਈ 4 ਦਿਨ ਪਹਿਲਾਂ ਬੁਕਿੰਗ ਲਾਜ਼ਮੀ, ਲੜਕੀ ਵਾਲਿਆਂ ਨੂੰ ਪਹਿਲ
ਨਵੇਂ ਨਿਯਮਾਂ ਅਨੁਸਾਰ, ਵਿਆਹ ਸਮਾਗਮਾਂ ਲਈ ਹੁਣ ਸਿਰਫ਼ 5 ਕਿੱਲੋ ਵਾਲੇ 6 ਕਮਰਸ਼ੀਅਲ ਸਿਲੰਡਰ ਹੀ ਮੁਹੱਈਆ ਕਰਵਾਏ ਜਾਣਗੇ। ਇਸ ਦੇ ਲਈ ਪਰਿਵਾਰ ਨੂੰ ਸਮਾਗਮ ਤੋਂ ਚਾਰ ਦਿਨ ਪਹਿਲਾਂ ਬੁਕਿੰਗ ਕਰਵਾਉਣੀ ਹੋਵੇਗੀ। ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਪੂਰੀ ਪੜਤਾਲ ਤੋਂ ਬਾਅਦ ਹੀ ਸਿਲੰਡਰ ਜਾਰੀ ਕੀਤੇ ਜਾਣਗੇ, ਜਿਸ ਵਿੱਚ ਲੜਕੀ ਵਾਲੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਪਹਿਲ ਦਿੱਤੀ ਜਾਵੇਗੀ।
ਏ.ਡੀ.ਸੀ. ਪੱਧਰ ਦੇ ਅਧਿਕਾਰੀ ਰੱਖਣਗੇ ਸਪਲਾਈ 'ਤੇ ਨਜ਼ਰ
ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਦੇ ਨਿਰਦੇਸ਼ਾਂ 'ਤੇ ਹਰ ਜ਼ਿਲ੍ਹੇ ਵਿੱਚ ਸਬ-ਡਿਵੀਜ਼ਨ ਪੱਧਰ 'ਤੇ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਦੀ ਕਮਾਨ ਏ.ਡੀ.ਸੀ. (ADC) ਪੱਧਰ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਸਪਲਾਈ ਦੀ ਵੰਡ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਿਸ਼ੇਸ਼ ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ, ਜੋ ਰੋਜ਼ਾਨਾ ਦੀ ਰਿਪੋਰਟ ਡਿਪਟੀ ਕਮਿਸ਼ਨਰ (DC) ਨੂੰ ਸੌਂਪਣਗੇ।
ਸ਼੍ਰੇਣੀ ਅਨੁਸਾਰ ਹੋਵੇਗੀ ਗੈਸ ਦੀ ਵੰਡ
ਸਰਕਾਰ ਨੇ ਸਪਲਾਈ ਲਈ ਸੰਸਥਾਵਾਂ ਨੂੰ ਤਿੰਨ ਪ੍ਰਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ:
ਹਸਪਤਾਲ ਅਤੇ ਵਿਦਿਅਕ ਸੰਸਥਾਵਾਂ ਨੂੰ ਸਭ ਤੋਂ ਪਹਿਲਾਂ ਸਪਲਾਈ ਦਿੱਤੀ ਜਾਵੇਗੀ।
ਉਦਯੋਗਿਕ ਕੰਟੀਨਾਂ, ਵਿਆਹ ਸਮਾਗਮ ਅਤੇ ਢਾਬਿਆਂ ਨੂੰ ਇਸ ਸੂਚੀ ਵਿੱਚ ਰੱਖਿਆ ਗਿਆ ਹੈ।
ਹੋਰ ਵਪਾਰਕ ਅਦਾਰਿਆਂ ਨੂੰ ਪਹਿਲ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਾ ਹੋਣ।
ਸਰਕਾਰ ਨੇ ਗੈਸ ਏਜੰਸੀਆਂ ਨੂੰ ਵੀ ਸਖ਼ਤ ਹਦਾਇਤ ਕੀਤੀ ਹੈ ਕਿ 5 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰਾਂ ਦੀ ਉਤਪਾਦਨ ਅਤੇ ਸਪਲਾਈ ਵਧਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ।
Get all latest content delivered to your email a few times a month.