ਤਾਜਾ ਖਬਰਾਂ
ਜ਼ਿਲ੍ਹਾ ਪਠਾਨਕੋਟ ਵਿੱਚ ਰਸੋਈ ਗੈਸ ਦੀ ਭਾਰੀ ਕਿੱਲਤ ਕਾਰਨ ਆਮ ਜਨਤਾ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸਵੇਰੇ ਖ਼ੁਦ ਮੈਦਾਨ ਵਿੱਚ ਉਤਰ ਕੇ ਸਥਿਤੀ ਦਾ ਜਾਇਜ਼ਾ ਲਿਆ। ਵੀਰਵਾਰ ਸਵੇਰੇ ਲਗਭਗ 9 ਵਜੇ ਮੰਤਰੀ ਕਟਾਰੂਚੱਕ ਤੰਗੋਸ਼ਾਹ ਕਸਬੇ ਵਿੱਚ ਸਥਿਤ ਦੀਨਾਨਗਰ ਗੈਸ ਸਰਵਿਸ ਏਜੰਸੀ 'ਤੇ ਪਹੁੰਚੇ, ਜਿੱਥੇ ਸੈਂਕੜੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖ ਕੇ ਉਹ ਭੜਕ ਗਏ।
ਸਵੇਰੇ 4 ਵਜੇ ਤੋਂ ਲਾਈਨਾਂ 'ਚ ਲੱਗੇ ਲੋਕਾਂ ਦਾ ਫੁੱਟਿਆ ਗੁੱਸਾ
ਮੰਤਰੀ ਨੇ ਮੌਕੇ 'ਤੇ ਖੜ੍ਹੇ 300-400 ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਨੇ ਆਪਣਾ ਦੁਖੜਾ ਸੁਣਾਉਂਦਿਆਂ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਸਵੇਰੇ 4 ਵਜੇ ਹੀ ਲਾਈਨਾਂ ਵਿੱਚ ਆ ਕੇ ਲੱਗ ਜਾਂਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਏਜੰਸੀ ਮਾਲਕਾਂ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਮੰਤਰੀ ਨੇ ਖ਼ੁਦ ਚਾਬੀਆਂ ਲੈ ਕੇ ਖੁਲ੍ਹਵਾਇਆ ਗੋਦਾਮ
ਏਜੰਸੀ 'ਤੇ ਕਿਸੇ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਦੀ ਗ਼ੈਰ-ਮੌਜੂਦਗੀ ਅਤੇ ਸਟੋਰਕੀਪਰ ਵੱਲੋਂ ਗੋਦਾਮ ਨਾ ਖੋਲ੍ਹਣ 'ਤੇ ਮੰਤਰੀ ਕਟਾਰੂਚੱਕ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ। ਉਨ੍ਹਾਂ ਨੇ ਖ਼ੁਦ ਚਾਬੀਆਂ ਲੈ ਕੇ ਗੋਦਾਮ ਖੁਲ੍ਹਵਾਇਆ ਅਤੇ ਸਟਾਕ ਦੀ ਚੈਕਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਜਨਤਾ ਦੀਆਂ ਮੁਸ਼ਕਲਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਏਜੰਸੀ ਮਾਲਕਾਂ ਵਿਰੁੱਧ ਕਾਰਵਾਈ ਦੇ ਨਿਰਦੇਸ਼
ਮੌਕੇ 'ਤੇ ਬੁਲਾਏ ਗਏ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (DFSC) ਰਾਜ ਰਿਸ਼ੀ ਮਹਿਰਾ ਨੂੰ ਮੰਤਰੀ ਨੇ ਸਬੰਧਤ ਏਜੰਸੀ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਡੀ.ਐੱਫ.ਐੱਸ.ਸੀ. ਨੇ ਭਰੋਸਾ ਦਿੱਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਏਜੰਸੀ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੇਂਦਰ ਦੀਆਂ ਨੀਤੀਆਂ ਵਿਰੁੱਧ ਵਿਧਾਨ ਸਭਾ 'ਚ ਪੇਸ਼ ਕੀਤਾ ਨਿੰਦਾ ਮਤਾ
ਮੀਡੀਆ ਨਾਲ ਗੱਲਬਾਤ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਰਸੋਈ ਗੈਸ ਦੀ ਘਾਟ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਸਦਨ ਵਿੱਚ ਨਿੰਦਾ ਦਾ ਮਤਾ ਵੀ ਪੇਸ਼ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਏਜੰਸੀਆਂ 'ਤੇ ਵੀ ਅਚਨਚੇਤ ਛਾਪੇਮਾਰੀ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਮਾਲਕ ਜਨਤਾ ਨੂੰ ਗੁਮਰਾਹ ਜਾਂ ਪ੍ਰੇਸ਼ਾਨ ਨਾ ਕਰ ਸਕੇ।
Get all latest content delivered to your email a few times a month.