ਤਾਜਾ ਖਬਰਾਂ
ਜਗਰਾਓਂ ਦੇ ਨਜ਼ਦੀਕੀ ਪਿੰਡ ਜੰਡੀ ਵਿੱਚ ਬੀਤੀ ਰਾਤ ਇੱਕ 55 ਸਾਲਾ ਵਿਅਕਤੀ ਦਾ ਉਸ ਦੇ ਆਪਣੇ ਹੀ ਘਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਵਾਰਦਾਤ ਉਸ ਵੇਲੇ ਹੋਈ ਜਦੋਂ ਹਰਜਿੰਦਰ ਸਿੰਘ ਸੁੱਤਾ ਪਿਆ ਸੀ ਅਤੇ ਕਾਤਲ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਤਲ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਹਰਜਿੰਦਰ ਸਿੰਘ ਦੇ ਵਿਦੇਸ਼ ਰਹਿੰਦੇ ਪੁੱਤਰ ਨੇ ਉਸ ਨੂੰ ਵਾਰ-ਵਾਰ ਫ਼ੋਨ ਕੀਤਾ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਸ਼ੱਕ ਹੋਣ 'ਤੇ ਪੁੱਤਰ ਨੇ ਆਪਣੇ ਤਾਏ ਜਗਰਾਜ ਸਿੰਘ ਨੂੰ ਸੂਚਿਤ ਕੀਤਾ। ਜਦੋਂ ਜਗਰਾਜ ਸਿੰਘ ਨੇ ਘਰ ਜਾ ਕੇ ਦੇਖਿਆ ਤਾਂ ਮੇਨ ਗੇਟ ਅੰਦਰੋਂ ਬੰਦ ਸੀ। ਉਸ ਨੇ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਹਰਜਿੰਦਰ ਸਿੰਘ ਦੀ ਖ਼ੂਨ ਨਾਲ ਲਿਥਪਥ ਲਾਸ਼ ਅੰਦਰ ਪਈ ਸੀ, ਜਦਕਿ ਘਰ ਦੇ ਬਾਕੀ ਜੀਅ ਮੌਜੂਦ ਨਹੀਂ ਸਨ।
ਮ੍ਰਿਤਕ ਹਰਜਿੰਦਰ ਸਿੰਘ ਘਰ ਵਿੱਚ ਆਪਣੀ ਦੂਜੀ ਪਤਨੀ ਅਤੇ ਇੱਕ ਪੁੱਤਰ ਨਾਲ ਰਹਿੰਦਾ ਸੀ। ਘਟਨਾ ਤੋਂ ਬਾਅਦ ਪਤਨੀ ਅਤੇ ਪੁੱਤਰ ਦਾ ਘਰ ਵਿੱਚ ਨਾ ਹੋਣਾ ਮਾਮਲੇ ਨੂੰ ਸ਼ੱਕੀ ਬਣਾ ਰਿਹਾ ਹੈ। ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਜਗਰਾਓਂ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਘਰੇਲੂ ਕਲੇਸ਼ ਦਾ ਜਾਪਦਾ ਹੈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਭੇਜ ਦਿੱਤਾ ਹੈ। ਡੀ.ਐੱਸ.ਪੀ. ਢੀਂਡਸਾ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਬਹੁਤ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਕਤਲਕਾਂਡ ਦੀ ਗੁੱਥੀ ਸੁਲਝਾ ਲਈ ਜਾਵੇਗੀ।
Get all latest content delivered to your email a few times a month.