ਤਾਜਾ ਖਬਰਾਂ
ਈਰਾਨ ਵਿੱਚ ਪੈਦਾ ਹੋਏ ਸਿਆਸੀ ਸੰਕਟ ਅਤੇ ਖੇਤਰੀ ਤਣਾਅ ਦੇ ਵਿਚਕਾਰ ਇੱਕ ਵੱਡਾ ਐਲਾਨ ਹੋਇਆ ਹੈ। ਈਰਾਨ ਦੇ ਮਰਹੂਮ ਸਰਵਉੱਚ ਨੇਤਾ ਆਇਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਨੂੰ ਦੇਸ਼ ਦਾ ਨਵਾਂ ਸੁਪਰੀਮ ਲੀਡਰ ਚੁਣ ਲਿਆ ਗਿਆ ਹੈ। ਸੋਮਵਾਰ ਤੜਕੇ ਸਰਕਾਰੀ ਟੈਲੀਵਿਜ਼ਨ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ।
ਕਾਬਿਲੇਗੌਰ ਹੈ ਕਿ 28 ਫਰਵਰੀ ਨੂੰ ਇੱਕ ਇਜ਼ਰਾਈਲੀ ਹਮਲੇ ਵਿੱਚ ਆਇਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਈਰਾਨ ਵਿੱਚ ਉਤਰਾਧਿਕਾਰੀ ਨੂੰ ਲੈ ਕੇ ਚਰਚਾਵਾਂ ਤੇਜ਼ ਸਨ। ਮੁਜਤਬਾ ਖਾਮੇਨੇਈ ਨੂੰ ਲੰਬੇ ਸਮੇਂ ਤੋਂ ਇਸ ਅਹੁਦੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਹਾਲਾਂਕਿ ਉਨ੍ਹਾਂ ਨੇ ਕਦੇ ਕੋਈ ਰਸਮੀ ਸਰਕਾਰੀ ਜਾਂ ਚੁਣਿਆ ਹੋਇਆ ਅਹੁਦਾ ਨਹੀਂ ਸੰਭਾਲਿਆ।
ਅਮਰੀਕਾ ਅਤੇ ਇਜ਼ਰਾਈਲ ਦੇ ਸਖ਼ਤ ਤੇਵਰ
ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਅੰਤਰਰਾਸ਼ਟਰੀ ਦਬਾਅ ਸਿਖਰਾਂ 'ਤੇ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਬਿਆਨ ਦਿੱਤਾ ਸੀ ਕਿ ਈਰਾਨ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਨਵਾਂ ਲੀਡਰ ਨਾ ਚੁਣੇ। ਦੂਜੇ ਪਾਸੇ, ਇਜ਼ਰਾਈਲ ਨੇ ਧਮਕੀ ਦਿੱਤੀ ਹੈ ਕਿ ਉਹ ਖਾਮੇਨੇਈ ਦੇ ਉਤਰਾਧਿਕਾਰੀ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।
ਧਾਰਮਿਕ ਪਦਵੀ ਦੀ ਅਹਿਮੀਅਤ
ਈਰਾਨੀ ਸੰਵਿਧਾਨ ਅਤੇ ਇਸਲਾਮਿਕ ਕਾਨੂੰਨ ਅਨੁਸਾਰ, ਸੁਪਰੀਮ ਲੀਡਰ ਬਣਨ ਲਈ 'ਆਇਤੁੱਲਾ' (ਧਰਮ ਗੁਰੂ) ਹੋਣਾ ਲਾਜ਼ਮੀ ਹੈ। ਮੁਜਤਬਾ ਖਾਮੇਨੇਈ ਹੁਣ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਦੇਸ਼ ਦੀ ਵਾਂਗਡੋਰ ਸੰਭਾਲਣ ਵਾਲੇ ਤੀਜੇ ਸੁਪਰੀਮ ਲੀਡਰ ਹੋਣਗੇ। ਇਸ ਤੋਂ ਪਹਿਲਾਂ ਆਇਤੁੱਲਾ ਰੂਹੁੱਲਾ ਖੁਮੈਨੀ ਅਤੇ ਫਿਰ 1989 ਤੋਂ ਅਲੀ ਖਾਮੇਨੇਈ ਇਸ ਅਹੁਦੇ 'ਤੇ ਕਾਬਜ਼ ਸਨ।
Get all latest content delivered to your email a few times a month.