IMG-LOGO
ਹੋਮ ਪੰਜਾਬ: ਫਿਲੌਰ ਦੇ ਪਿੰਡ ਅਨੀਹਰ ‘ਚ ਗੁਰਦੁਆਰਾ ਸਾਹਿਬ ਅੱਗ ਦੀ ਚਪੇਟ...

ਫਿਲੌਰ ਦੇ ਪਿੰਡ ਅਨੀਹਰ ‘ਚ ਗੁਰਦੁਆਰਾ ਸਾਹਿਬ ਅੱਗ ਦੀ ਚਪੇਟ ‘ਚ, ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨੁਕਸਾਨਿਆ

Admin User - Feb 09, 2026 08:18 PM
IMG

ਫਿਲੌਰ ਹਲਕੇ ਦੇ ਗੁਰਾਇਆ ਨੇੜਲੇ ਪਿੰਡ ਅਨੀਹਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਨੇ ਸੰਗਤਾਂ ਦੇ ਹਿਰਦੇ ਝੰਝੋੜ ਕੇ ਰੱਖ ਦਿੱਤੇ। ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਸਰੂਪ ਨੁਕਸਾਨੀ ਹੋ ਗਿਆ।

ਜ਼ਿਕਰਯੋਗ ਹੈ ਕਿ ਪਿੰਡ ਅਨੀਹਰ ਵਿੱਚ ਦੋ ਦਿਨ ਪਹਿਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਸੀ ਅਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਤੋਂ ਬਾਅਦ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਰਹਿਣ ਵਾਲੇ ਲੋਕਾਂ ਨੇ ਹਾਲ ਵਿੱਚੋਂ ਧੂੰਆਂ ਨਿਕਲਦਾ ਦੇਖਿਆ।

ਇਸ ਦੀ ਜਾਣਕਾਰੀ ਮਿਲਦੇ ਹੀ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਤੁਰੰਤ ਮੌਕੇ ’ਤੇ ਪਹੁੰਚੀਆਂ, ਪਰ ਉਦੋਂ ਤੱਕ ਅੱਗ ਕਾਫੀ ਭਿਆਨਕ ਰੂਪ ਧਾਰ ਚੁੱਕੀ ਸੀ। ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਤਾਂ ਪਾ ਲਿਆ ਗਿਆ, ਪਰ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਨੁਕਸਾਨ ਪਹੁੰਚ ਚੁੱਕਾ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਮੁਢਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੀ ਵਾਪਰਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਫਿਲੌਰ ਭਰਤ ਮਸੀਹ ਅਤੇ ਗੁਰਾਇਆ ਪੁਲਿਸ ਮੌਕੇ ’ਤੇ ਪੁੱਜੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਐਸਜੀਪੀਸੀ ਦੀਆਂ ਟੀਮਾਂ, ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਵੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਜਥੇਦਾਰਾਂ ਅਤੇ ਸਿੱਖ ਆਗੂਆਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ 2013 ਵਿੱਚ ਗੁਰਦੁਆਰਾ ਸਾਹਿਬਾਂ ਵਿੱਚ ਪੱਕੇ ਸੇਵਾਦਾਰ ਨਿਯੁਕਤ ਕਰਨ ਸਬੰਧੀ ਖਰੜਾ ਤਿਆਰ ਕੀਤਾ ਗਿਆ ਸੀ, ਪਰ ਇਸ ਗੁਰਦੁਆਰਾ ਸਾਹਿਬ ਵਿੱਚ ਨਾ ਤਾਂ ਕੋਈ ਪੱਕਾ ਸੇਵਾਦਾਰ ਹੈ ਅਤੇ ਨਾ ਹੀ ਸੀਸੀਟੀਵੀ ਕੈਮਰੇ ਚਾਲੂ ਹਨ, ਜੋ ਕਿ ਵੱਡੀ ਲਾਪਰਵਾਹੀ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਇਹ ਘਟਨਾ ਅਚਾਨਕ ਹੋਈ ਹੈ ਅਤੇ ਇਹ ਸ਼ਾਰਟ ਸਰਕਟ ਕਾਰਨ ਵਾਪਰੀ, ਜਿਸ ਵਿੱਚ ਕਿਸੇ ਦੀ ਕੋਈ ਜਾਣਬੁੱਝ ਕੇ ਗਲਤੀ ਨਹੀਂ ਹੈ। ਗੁਰਪੁਰਬ ਦੀ ਖੁਸ਼ੀ ਮਨਾ ਰਹੀ ਸੰਗਤ ਅੱਜ ਗਹਿਰੇ ਦੁੱਖ ਵਿੱਚ ਹੈ ਕਿਉਂਕਿ ਗੁਰੂ ਮਹਾਰਾਜ ਦੇ ਪਾਵਨ ਸਰੂਪ ਪਿੰਡ ਤੋਂ ਬਾਹਰ ਲਿਜਾਣੇ ਪਏ ਹਨ।

ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉੱਥੇ ਜਾ ਕੇ ਉਹ ਆਪਣੀਆਂ ਭੁੱਲਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਨਗੇ ਅਤੇ ਆਦਰ-ਸਤਿਕਾਰ ਸਹਿਤ ਅਰਦਾਸ ਬੇਨਤੀ ਕਰਨ ਉਪਰੰਤ ਗੁਰੂ ਮਹਾਰਾਜ ਦੇ ਪਾਵਨ ਸਰੂਪ ਮੁੜ ਪਿੰਡ ਵਿੱਚ ਲਿਆਂਦੇ ਜਾਣਗੇ।

ਇਸ ਮੌਕੇ ਡੀਐਸਪੀ ਭਰਤ ਮਸੀਹ ਨੇ ਕਿਹਾ ਕਿ ਮੁਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੀ ਲੱਗਦਾ ਹੈ, ਹਾਲਾਂਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.