ਤਾਜਾ ਖਬਰਾਂ
ਉੱਤਰ ਪ੍ਰਦੇਸ਼ ਵਿੱਚ ਅੱਜ ਸੁਰੱਖਿਆ ਵਿਵਸਥਾ ਨੂੰ ਪਰਖਣ ਲਈ ਇੱਕ ਵੱਡਾ ਅਭਿਆਸ ਕੀਤਾ ਜਾ ਰਿਹਾ ਹੈ। ਅੱਜ ਸ਼ਾਮ ਠੀਕ 6 ਵਜੇ ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਵਿੱਚ 10 ਮਿੰਟ ਲਈ 'ਬਲੈਕਆਊਟ' ਰਹੇਗਾ। ਇਸ ਦੌਰਾਨ ਪੂਰੇ ਪ੍ਰਦੇਸ਼ ਦੀ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਬੰਦ ਰੱਖੀ ਜਾਵੇਗੀ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਐਮਰਜੈਂਸੀ ਨਹੀਂ, ਬਲਕਿ ਇੱਕ 'ਮੌਕ ਡਰਿੱਲ' (ਅਭਿਆਸ) ਹੈ।
ਕਿਉਂ ਜ਼ਰੂਰੀ ਹੈ ਬਲੈਕਆਊਟ?
ਜੰਗ ਵਰਗੀ ਸਥਿਤੀ, ਅੱਤਵਾਦੀ ਹਮਲਾ, ਹਵਾਈ ਹਮਲੇ ਦੀ ਚੇਤਾਵਨੀ, ਭਿਆਨਕ ਅੱਗ ਜਾਂ ਕੁਦਰਤੀ ਆਫ਼ਤ ਦੇ ਸਮੇਂ 'ਬਲੈਕਆਊਟ' ਇੱਕ ਅਹਿਮ ਕਦਮ ਮੰਨਿਆ ਜਾਂਦਾ ਹੈ। ਇਸ ਅਭਿਆਸ ਦਾ ਮੁੱਖ ਮਕਸਦ ਇਹ ਦੇਖਣਾ ਹੈ ਕਿ ਕਿਸੇ ਵੱਡੇ ਸੰਕਟ ਵੇਲੇ ਪ੍ਰਸ਼ਾਸਨ ਅਤੇ ਜਨਤਾ ਕਿੰਨੀ ਤੇਜ਼ੀ ਨਾਲ ਪ੍ਰਤੀਕਿਰਿਆ ਦਿੰਦੇ ਹਨ।
ਸਾਇਰਨ ਵੱਜਦੇ ਹੀ ਛਾ ਜਾਵੇਗਾ ਹਨੇਰਾ
ਸ਼ਾਮ 6 ਵਜੇ ਤੋਂ ਪਹਿਲਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੇਤਾਵਨੀ ਸਾਇਰਨ ਵਜਾਏ ਜਾਣਗੇ। ਇਸ ਤੋਂ ਬਾਅਦ 10 ਮਿੰਟਾਂ ਲਈ ਬਿਜਲੀ ਗੁੱਲ ਰਹੇਗੀ। ਇਸ ਦੌਰਾਨ ਪੁਲਿਸ, ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਪੂਰੀ ਤਰ੍ਹਾਂ ਅਲਰਟ ਰਹਿਣਗੀਆਂ। ਲਖਨਊ ਦੀ ਪੁਲਿਸ ਲਾਈਨ ਵਿੱਚ ਹੋਣ ਵਾਲੇ ਮੁੱਖ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸੀਨੀਅਰ ਅਧਿਕਾਰੀ ਖ਼ੁਦ ਮੌਜੂਦ ਰਹਿਣਗੇ।
ਪ੍ਰਸ਼ਾਸਨ ਦੀ ਅਪੀਲ: ਘਬਰਾਉਣ ਦੀ ਲੋੜ ਨਹੀਂ
ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ:
ਬਲੈਕਆਊਟ ਦੌਰਾਨ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣ।
ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਅਫ਼ਵਾਹ ਫੈਲਾਉਣ।
ਬੇਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਅਭਿਆਸ ਨਾਲ ਸਿਸਟਮ ਦੀਆਂ ਕਮੀਆਂ ਦਾ ਪਤਾ ਲੱਗਦਾ ਹੈ, ਜਿਸ ਨਾਲ ਭਵਿੱਖ ਵਿੱਚ ਕਿਸੇ ਅਸਲ ਆਫ਼ਤ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
Get all latest content delivered to your email a few times a month.