ਤਾਜਾ ਖਬਰਾਂ
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਜਾਨਲੇਵਾ ਬਣਦਾ ਜਾ ਰਿਹਾ ਹੈ। ਭਗੀਰਥਪੁਰਾ ਖੇਤਰ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਹੁਣ ਸ਼ਹਿਰ ਦੇ ਮਹੂ ਇਲਾਕੇ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋ ਗਏ ਹਨ। ਪੱਟੀ ਬਾਜ਼ਾਰ, ਮੋਤੀ ਮਹਿਲ ਅਤੇ ਚੰਦਰ ਮਾਰਗ ਵਰਗੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਉਲਟੀਆਂ ਅਤੇ ਦਸਤ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨੇ ਸਿਹਤ ਵਿਭਾਗ ਦੇ ਹੱਥਾਂ-ਪੈਰਾਂ ਦੀਆਂ ਪਾ ਦਿੱਤੀਆਂ ਹਨ।
ਸੀਵਰੇਜ ਦਾ ਪਾਣੀ ਪੀਣ ਵਾਲੀ ਪਾਈਪ 'ਚ ਮਿਲਣ ਦਾ ਖ਼ਦਸ਼ਾ
ਮੁੱਢਲੀ ਜਾਂਚ ਵਿੱਚ ਬੇਹੱਦ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਅਧਿਕਾਰੀਆਂ ਮੁਤਾਬਕ ਇਲਾਕੇ ਦੇ 51 ਟਿਊਬਵੈੱਲਾਂ ਦਾ ਪਾਣੀ ਦੂਸ਼ਿਤ ਪਾਇਆ ਗਿਆ ਹੈ। ਟੈਸਟ ਰਿਪੋਰਟਾਂ ਵਿੱਚ ਈ. ਕੋਲੀ (E. coli) ਬੈਕਟੀਰੀਆ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਲੀਕ ਹੋ ਕੇ ਮਿਲ ਰਿਹਾ ਹੈ, ਜੋ ਕਿ ਇਸ ਬਿਮਾਰੀ ਦਾ ਮੁੱਖ ਕਾਰਨ ਬਣਿਆ ਹੈ।
ਪ੍ਰਸ਼ਾਸਨਿਕ ਹਲਚਲ: ਕੁਲੈਕਟਰ ਅਤੇ ਵਿਧਾਇਕ ਮੌਕੇ 'ਤੇ ਪਹੁੰਚੇ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਧਾਇਕ ਊਸ਼ਾ ਠਾਕੁਰ ਅਤੇ ਇੰਦੌਰ ਦੇ ਕੁਲੈਕਟਰ ਸ਼ਿਵਮ ਵਰਮਾ ਨੇ ਦੇਰ ਰਾਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਕੁਲੈਕਟਰ ਨੇ ਮਹੂ ਕੈਂਟ ਬੋਰਡ ਨੂੰ ਤੁਰੰਤ ਸਫ਼ਾਈ ਵਿਵਸਥਾ ਦਰੁਸਤ ਕਰਨ ਅਤੇ ਪਾਣੀ ਦੀ ਸਪਲਾਈ ਦੀ ਜਾਂਚ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰ ਤੋਂ ਇਲਾਕੇ ਵਿੱਚ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾਵੇਗਾ ਅਤੇ ਲੱਛਣ ਦਿਖਾਈ ਦੇਣ ਵਾਲੇ ਮਰੀਜ਼ਾਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇਗਾ।
ਭਗੀਰਥਪੁਰਾ 'ਚ ਹੁਣ ਤੱਕ 24 ਮੌਤਾਂ ਦਾ ਦਾਅਵਾ
ਦੂਜੇ ਪਾਸੇ, ਭਗੀਰਥਪੁਰਾ ਦੇ ਵਸਨੀਕਾਂ ਵਿੱਚ ਭਾਰੀ ਰੋਸ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਦੂਸ਼ਿਤ ਪਾਣੀ ਅਤੇ ਬਿਮਾਰੀ ਕਾਰਨ ਇਲਾਕੇ ਵਿੱਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਗੰਭੀਰ ਲਾਪਰਵਾਹੀ ਨੇ ਸ਼ਹਿਰ ਦੀ ਪਾਣੀ ਸਪਲਾਈ ਪ੍ਰਣਾਲੀ ਅਤੇ ਨਗਰ ਨਿਗਮ ਦੇ ਪ੍ਰਬੰਧਾਂ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਮੁੱਖ ਮੈਡੀਕਲ ਅਫ਼ਸਰ ਡਾ. ਮਾਧਵ ਹਸਨੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਤਾਇਨਾਤ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਲਹਾਲ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿੱਚ ਨਹੀਂ ਹੈ, ਪਰ ਸਾਵਧਾਨੀ ਵਜੋਂ ਪੂਰੇ ਇਲਾਕੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ।
Get all latest content delivered to your email a few times a month.