ਤਾਜਾ ਖਬਰਾਂ
ਹਰਿਆਣਾ ਦੇ ਉਚਾਨਾ ਕਲਾਂ ਨਿਵਾਸੀ ਸੁਰਿੰਦਰ ਦੇ ਘਰ ਖੁਸ਼ੀਆਂ ਦੀ ਲਹਿਰ ਦੌੜ ਪਈ ਹੈ। ਵਿਆਹ ਦੇ ਲਗਭਗ 24 ਸਾਲ ਬਾਅਦ, 9 ਧੀਆਂ ਤੋਂ ਪਿੱਛੋਂ ਪਰਿਵਾਰ ਨੂੰ ਪੁੱਤਰ ਦਾ ਸੁਖ ਮਿਲਿਆ ਹੈ। ਇਸ ਜਨਮ ਨਾਲ ਨਾ ਸਿਰਫ ਸੁਰਿੰਦਰ ਅਤੇ ਉਸ ਦੀ ਪਤਨੀ ਰਿਤੂ ਦੀ ਖੁਸ਼ੀ ਦੁੱਗਣੀ ਹੋਈ ਹੈ, ਸਗੋਂ ਪਰਿਵਾਰ ਦੀਆਂ 12 ਧੀਆਂ ਨੂੰ ਆਖਰਕਾਰ ਇੱਕ ਭਰਾ ਮਿਲ ਗਿਆ ਹੈ।
ਪਰਿਵਾਰਕ ਜਾਣਕਾਰੀ ਮੁਤਾਬਕ, ਰਿਤੂ ਦੀਆਂ ਪਹਿਲਾਂ ਹੀ 9 ਧੀਆਂ ਹਨ। ਇਸ ਵਾਰ ਸਾਰੇ ਪਰਿਵਾਰ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਸੀ ਕਿ ਧੀਆਂ ਨੂੰ ਇੱਕ ਭਰਾ ਮਿਲ ਜਾਵੇ। ਸੁਰਿੰਦਰ ਦੇ ਦੂਜੇ ਭਰਾ ਦੀਆਂ ਵੀ ਤਿੰਨ ਧੀਆਂ ਹਨ, ਇਸ ਲਈ ਹੁਣ ਦੋਹਾਂ ਘਰਾਂ ਦੀਆਂ ਕੁੱਲ 12 ਧੀਆਂ ਲਈ ਇਹ ਨਵਜੰਮਾ ਬੱਚਾ ਖੁਸ਼ੀ ਦਾ ਕੇਂਦਰ ਬਣ ਗਿਆ ਹੈ।
ਪਿਤਾ ਸੁਰਿੰਦਰ ਨੇ ਦੱਸਿਆ ਕਿ ਹਰ ਧੀ ਦੇ ਜਨਮ ਮੌਕੇ ਲੋਕ ਕਹਿੰਦੇ ਸਨ ਕਿ ਰੱਬ ਅਗਲੀ ਵਾਰੀ ਪੁੱਤਰ ਦੇਵੇ। ਅੱਜ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੀ ਅਰਦਾਸ ਕਬੂਲ ਹੋਈ ਹੈ। ਦੋ ਧੀਆਂ ਦਾ ਵਿਆਹ ਪਿਛਲੇ ਸਾਲ ਨਵੰਬਰ ਮਹੀਨੇ ਹੋ ਚੁੱਕਾ ਹੈ। ਧੀਆਂ ਦੀ ਉਮਰ 3 ਸਾਲ ਤੋਂ 21 ਸਾਲ ਤੱਕ ਹੈ। ਘਰ ਦੀ ਸਭ ਤੋਂ ਵੱਡੀ ਧੀ ਕਲਪਨਾ ਹੈ, ਜਦਕਿ ਹੋਰ ਧੀਆਂ ਦੇ ਨਾਂ ਆਰਤੀ, ਭਾਰਤੀ, ਖੁਸ਼ੀ, ਮਨਸੂ, ਰਜਨੀ, ਰਾਜੀਵ, ਕਾਫੀ ਅਤੇ ਮਾਫੀ ਹਨ।
ਨਵਜੰਮੇ ਮੁੰਡੇ ਦੇ ਆਉਣ ਨਾਲ ਨਾਨਕਾ ਅਤੇ ਦਾਦਕਾ ਦੋਵੇਂ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਬੱਚੇ ਦੀ ਮਾਂ ਰਿਤੂ ਨੇ ਕਿਹਾ ਕਿ ਰੱਬ ਨੇ 9 ਧੀਆਂ ਮਗਰੋਂ ਉਸ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ ਅਤੇ ਮਾਂ-ਪੁੱਤਰ ਦੋਵੇਂ ਸਿਹਤਮੰਦ ਹਨ। ਪਰਿਵਾਰ ਦੀਆਂ ਭੈਣਾਂ, ਮਾਸੀਆਂ, ਭੂਆਵਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਵੀ ਇਸ ਖੁਸ਼ਖਬਰੀ ’ਤੇ ਖੁਸ਼ੀ ਜਤਾਈ ਹੈ।
ਭੂਆ ਵੀਨਾ ਨੇ ਦੱਸਿਆ ਕਿ ਨਵਜੰਮੇ ਬੱਚੇ ਦਾ ਨਾਂ ‘ਦਿਲਖੁਸ਼’ ਰੱਖਿਆ ਗਿਆ ਹੈ, ਕਿਉਂਕਿ ਇਸ ਦੇ ਜਨਮ ਨਾਲ ਪੂਰਾ ਪਰਿਵਾਰ ਖੁਸ਼ੀ ਨਾਲ ਭਰ ਗਿਆ ਹੈ। ਸਿਵਲ ਹਸਪਤਾਲ ਉਚਾਨਾ ਵਿੱਚ ਹੋਈ ਇਸ ਡਿਲੀਵਰੀ ਨੂੰ ਵੀ ਇੱਕ ਵਿਸ਼ੇਸ਼ ਮਾਮਲਾ ਮੰਨਿਆ ਜਾ ਰਿਹਾ ਹੈ। 38 ਸਾਲ ਦੀ ਉਮਰ ਅਤੇ 9 ਪਹਿਲਾਂ ਹੋ ਚੁੱਕੀਆਂ ਡਿਲੀਵਰੀਆਂ ਦੇ ਬਾਵਜੂਦ, ਮਾਂ ਅਤੇ ਬੱਚਾ ਦੋਵੇਂ ਬਿਲਕੁਲ ਠੀਕ ਹਨ।
Get all latest content delivered to your email a few times a month.