ਤਾਜਾ ਖਬਰਾਂ
ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪੁੰਹਾਨਾ ਸਬ-ਡਿਵੀਜ਼ਨ ਅਧੀਨ ਆਉਂਦੇ ਨਾਈ ਪਿੰਡ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਨੇ ਪੂਰੇ ਇਲਾਕੇ ਨੂੰ ਸਹਿਮਾ ਕੇ ਰੱਖ ਦਿੱਤਾ ਹੈ। ਪਿੰਡ ਵਿੱਚ ਇੱਕ ਹੀ ਦਿਨ ਦੌਰਾਨ ਅਵਾਰਾ ਕੁੱਤਿਆਂ ਦੇ ਹਮਲਿਆਂ ਵਿੱਚ 28 ਮਾਸੂਮ ਬੱਚੇ ਜ਼ਖਮੀ ਹੋ ਗਏ, ਜਦਕਿ ਦੋ ਔਰਤਾਂ ਨੂੰ ਵੀ ਗੰਭੀਰ ਚੋਟਾਂ ਆਈਆਂ ਹਨ। ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਅਤੇ ਅਫ਼ਰਾਤਫ਼ਰੀ ਦਾ ਮਾਹੌਲ ਬਣਿਆ ਹੋਇਆ ਹੈ।
ਜ਼ਖਮੀ ਹੋਏ ਬੱਚਿਆਂ ਅਤੇ ਦੋਵਾਂ ਔਰਤਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਨਲਹਾਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ਇਲਾਜ ਕੀਤਾ ਜਾ ਰਿਹਾ ਹੈ। ਕੁਝ ਬੱਚਿਆਂ ਨੂੰ ਸਰੀਰ ਦੇ ਕਈ ਹਿੱਸਿਆਂ ’ਤੇ ਗੰਭੀਰ ਜ਼ਖ਼ਮ ਆਏ ਹਨ।
ਪਿੰਡ ਵਾਸੀਆਂ ਦੱਸਿਆ ਕਿ ਸ਼ੁੱਕਰਵਾਰ ਤੋਂ ਅਵਾਰਾ ਕੁੱਤਿਆਂ ਦਾ ਇੱਕ ਝੁੰਡ ਪਿੰਡ ਵਿੱਚ ਘੁੰਮਦਾ ਫਿਰ ਰਿਹਾ ਹੈ, ਜੋ ਖ਼ਾਸ ਕਰਕੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜਿਵੇਂ ਹੀ ਬੱਚੇ ਘਰਾਂ ਤੋਂ ਬਾਹਰ ਖੇਡਣ ਜਾਂ ਸੜਕ ’ਤੇ ਨਜ਼ਰ ਆਏ, ਕੁੱਤਿਆਂ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਕੁਝ ਹੀ ਸਮੇਂ ਵਿੱਚ ਇੱਕ ਤੋਂ ਬਾਅਦ ਇੱਕ ਕਈ ਬੱਚੇ ਹਮਲੇ ਦਾ ਸ਼ਿਕਾਰ ਹੋ ਗਏ।
ਰੌਲਾ ਸੁਣ ਕੇ ਪਿੰਡ ਦੇ ਲੋਕ ਦੌੜ ਕੇ ਮੌਕੇ ’ਤੇ ਪਹੁੰਚੇ ਅਤੇ ਮੁਸ਼ਕਲ ਨਾਲ ਬੱਚਿਆਂ ਨੂੰ ਕੁੱਤਿਆਂ ਤੋਂ ਬਚਾਇਆ, ਪਰ ਉਦੋਂ ਤੱਕ ਕਈ ਬੱਚੇ ਲਹੂ-ਲੁਹਾਣ ਹੋ ਚੁੱਕੇ ਸਨ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ’ਤੇ ਤੁਰੰਤ ਕਾਬੂ ਪਾਇਆ ਜਾਵੇ ਤਾਂ ਜੋ ਅੱਗੇ ਹੋਰ ਕਿਸੇ ਦੀ ਜਾਨ ਖ਼ਤਰੇ ਵਿੱਚ ਨਾ ਪਏ।
Get all latest content delivered to your email a few times a month.