ਤਾਜਾ ਖਬਰਾਂ
ਪਿੰਡ ਨਿਜ਼ਾਮਨੀਵਾਲਾ ਦੇ ਖੇਤੀਬਾੜੀ ਨਾਲ ਜੁੜੇ ਪਰਿਵਾਰ ਵਿੱਚ ਜਨਮੇ ਇੰਟਰਨੈਸ਼ਨਲ ਬਾਕਸਿੰਗ ਖਿਡਾਰੀ ਮਨਜੀਤ ਮੰਨਾ ਨੇ ਇੱਕ ਵਾਰ ਫਿਰ ਆਪਣੇ ਕੰਮ ਅਤੇ ਮਿਹਨਤ ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਮਨਜੀਤ ਮੰਨਾ ਨੂੰ ਪਰਮੋਸ਼ਨ ਮਿਲਣ ਉਪਰੰਤ ਏਐਸਆਈ ਬਣਾਇਆ ਗਿਆ ਹੈ। ਇਹ ਤਰੱਕੀ ਉਨ੍ਹਾਂ ਨੂੰ ਡੀਆਈਜੀ ਪਟਿਆਲਾ ਕੁਲਦੀਪ ਚਾਹਲ, ਐਸਐਸਪੀ ਪਟਿਆਲਾ ਵਰੁਣ ਸ਼ਰਮਾ ਅਤੇ ਐਸਪੀ ਹੈੱਡਕੁਆਟਰ ਵੱਲੋਂ ਸਟਾਰ ਲਗਾ ਕੇ ਦਿੱਤੀ ਗਈ।
ਮਨਜੀਤ ਮੰਨਾ ਆਪਣੇ ਸਮੇਂ ਦੇ ਪ੍ਰਸਿੱਧ ਅਤੇ ਕਾਬਲ ਬਾਕਸਿੰਗ ਖਿਡਾਰੀ ਰਹੇ ਹਨ। ਉਹ ਲਗਭਗ ਦਸ ਸਾਲ ਤੱਕ ਭਾਰਤੀ ਬਾਕਸਿੰਗ ਟੀਮ ਦਾ ਅਹਿਮ ਹਿੱਸਾ ਰਹੇ ਅਤੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ। ਸਾਲ 2013 ਵਿੱਚ ਚੀਨ ਵਿੱਚ ਹੋਈਆਂ ਏਸ਼ੀਆ ਪੱਧਰੀ ਖੇਡਾਂ ਦੌਰਾਨ ਸਿਲਵਰ ਮੈਡਲ ਜਿੱਤ ਕੇ ਉਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਕਿਊਬਾ ਅਤੇ ਪਾਕਿਸਤਾਨ ਵਿੱਚ ਵੀ ਭਾਰਤੀ ਟੀਮ ਵੱਲੋਂ ਖੇਡਦੇ ਹੋਏ ਮਨਜੀਤ ਮੰਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕੋਚ ਹਰਪ੍ਰੀਤ ਸਿੰਘ ਹੁੰਦਲ ਦੀ ਰਹਿਨੁਮਾਈ ਹੇਠ ਬਾਕਸਿੰਗ ਦੇ ਨੁਕਤੇ ਸਿੱਖ ਕੇ ਮਨਜੀਤ ਮੰਨਾ ਨੇ ਕਈ ਨਾਮਵਰ ਖਿਡਾਰੀਆਂ ਨੂੰ ਕੜੀ ਟੱਕਰ ਦਿੱਤੀ। ਹਾਲਾਂਕਿ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਬਾਕਸਿੰਗ ਕਰੀਅਰ ਤੋਂ ਦੂਰ ਹੋਣਾ ਪਿਆ, ਪਰ ਉਨ੍ਹਾਂ ਨੇ ਹੌਸਲਾ ਨਾ ਹਾਰਿਆ ਅਤੇ ਪੰਜਾਬ ਪੁਲਿਸ ਵਿੱਚ ਸੇਵਾ ਕਰਦਿਆਂ ਇਮਾਨਦਾਰੀ ਅਤੇ ਲਗਨ ਨਾਲ ਆਪਣਾ ਫਰਜ਼ ਨਿਭਾਇਆ।
ਆਪਣੀ ਖੇਡ ਪਿਛੋਕੜ, ਸੁਲਝੇ ਸੁਭਾਅ ਅਤੇ ਲੋਕਾਂ ਨਾਲ ਸਧਾਰਣ ਵਿਹਾਰ ਕਰਕੇ ਮਨਜੀਤ ਮੰਨਾ ਪਟਿਆਲਾ ਵਾਸੀਆਂ ਵਿੱਚ ਖਾਸ ਮਕਬੂਲ ਹਨ। ਤਰੱਕੀ ਮਗਰੋਂ ਮਨਜੀਤ ਮੰਨਾ ਨੇ ਕਿਹਾ ਕਿ ਉਹ ਅੱਗੇ ਵੀ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਨਾਲ ਨਿਭਾਉਂਦੇ ਹੋਏ ਪਟਿਆਲਾ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
Get all latest content delivered to your email a few times a month.