ਤਾਜਾ ਖਬਰਾਂ
ਅਬੋਹਰ ਨੇੜਲੇ ਪਿੰਡ ਧਰਾਂਗਵਾਲਾ ਵਿੱਚ ਖੇਡ ਪ੍ਰੇਮੀਆਂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਨੌਜਵਾਨ ਖਿਡਾਰੀ ਦੀ ਮੈਚ ਖੇਡਦੇ ਹੋਏ ਅਚਾਨਕ ਮੌਤ ਹੋ ਗਈ। ਇਹ ਹਾਦਸਾ ਇੰਨਾ ਅਚਾਨਕ ਵਾਪਰਿਆ ਕਿ ਮੈਦਾਨ ਵਿੱਚ ਮੌਜੂਦ ਹਰ ਵਿਅਕਤੀ ਸਦਮੇ ਵਿੱਚ ਆ ਗਿਆ ਅਤੇ ਖੁਸ਼ੀ ਦਾ ਮਾਹੌਲ ਪਲਾਂ ਵਿੱਚ ਸੋਗ ਵਿੱਚ ਬਦਲ ਗਿਆ।
ਜਾਣਕਾਰੀ ਮੁਤਾਬਕ, ਪਿੰਡ ਧਰਾਂਗਵਾਲਾ ਵਿੱਚ ਮਹਾਂਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਵੱਲੋਂ ਇੱਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਸਨ। ਮੈਚ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਤੋਂ ਆਏ ਖਿਡਾਰੀ 14 ਸਾਲਾ ਜਸਮੀਤ ਉਰਫ਼ ਜੱਸੂ ਗੋਲ ਕਰਨ ਦੀ ਕੋਸ਼ਿਸ਼ ਦੌਰਾਨ ਅਚਾਨਕ ਮੈਦਾਨ ਵਿੱਚ ਡਿੱਗ ਪਿਆ।
ਸ਼ੁਰੂ ਵਿੱਚ ਸਾਥੀ ਖਿਡਾਰੀਆਂ ਨੂੰ ਲੱਗਿਆ ਕਿ ਸ਼ਾਇਦ ਉਹ ਥਕਾਵਟ ਜਾਂ ਹਲਕੀ ਚੋਟ ਕਾਰਨ ਡਿੱਗਿਆ ਹੋਵੇ, ਪਰ ਜਦੋਂ ਕਾਫ਼ੀ ਸਮਾਂ ਬੀਤਣ ਬਾਵਜੂਦ ਵੀ ਉਹ ਨਹੀਂ ਉੱਠਿਆ ਤਾਂ ਹੜਕੰਪ ਮਚ ਗਿਆ। ਉਸਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ।
ਇਸ ਦੁੱਖਦਾਈ ਘਟਨਾ ਤੋਂ ਬਾਅਦ ਟੂਰਨਾਮੈਂਟ ਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਜਿਵੇਂ ਹੀ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ, ਪੁੱਤ ਦੀ ਲਾਸ਼ ਦੇਖ ਕੇ ਪਿਤਾ ਬੇਸੁੱਧ ਹੋ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰਾ ਇਲਾਕਾ ਇਸ ਅਕਾਲ ਮੌਤ ਨਾਲ ਗਹਿਰੇ ਸਦਮੇ ਵਿੱਚ ਹੈ।
Get all latest content delivered to your email a few times a month.