IMG-LOGO
ਹੋਮ ਪੰਜਾਬ: ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪੀਐਮ ਤੋਂ ਸਿੱਖਾਂ ਦੀਆਂ ਧਾਰਮਿਕ...

ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪੀਐਮ ਤੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

Admin User - Jan 18, 2026 07:54 PM
IMG

ਨਵੀਂ ਦਿੱਲੀ/ਚੰਡੀਗੜ੍ਹ, 18 ਜਨਵਰੀ-

ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇੱਕ ਫਰਜ਼ੀ ਅਤੇ ਐਡਿਟ ਕੀਤੀ ਹੋਈ ਵੀਡੀਓ ਰਾਹੀਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਵਾਲੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਕੰਗ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੋਵਾਂ ਦੀਆਂ ਫੋਰੈਂਸਿਕ ਸਾਇੰਸ ਲੈਬਾਰਟਰੀਆਂ (ਐਫ.ਐਸ.ਐਲ) ਦੀ ਜਾਂਚ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਬੰਧਤ ਵੀਡੀਓ ਫਰਜ਼ੀ ਸੀ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ 'ਤੇ ਸਿੱਖ ਗੁਰੂਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਝੂਠੇ ਦੋਸ਼ ਲਗਾਉਣ ਲਈ ਇਸ ਨੂੰ ਬੜੀ ਸ਼ਰਾਰਤ ਨਾਲ ਐਡਿਟ ਕੀਤਾ ਗਿਆ ਸੀ। ਵਿਗਿਆਨਕ ਰਿਪੋਰਟਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਸ਼ਬਦ ਨਹੀਂ ਬੋਲਿਆ ਗਿਆ ਸੀ।


ਇਸ ਘਟਨਾ ਨੂੰ ਫਿਰਕੂ ਸਦਭਾਵਨਾ ਨੂੰ ਭੜਕਾਉਣ ਦੀ ਜਾਣਬੁੱਝ ਕੇ ਕੀਤੀ ਗਈ ਇੱਕ ਖਤਰਨਾਕ ਕੋਸ਼ਿਸ਼ ਕਰਾਰ ਦਿੰਦਿਆਂ ਕੰਗ ਨੇ ਕਿਹਾ ਕਿ ਇਹ ਫਰਜ਼ੀ ਵੀਡੀਓ ਭਾਜਪਾ ਆਗੂ ਕਪਿਲ ਮਿਸ਼ਰਾ ਵੱਲੋਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਹਥਿਆਰ ਬਣਾ ਕੇ ਲੋਕਾਂ ਵਿੱਚ ਗੁੱਸਾ ਪੈਦਾ ਕਰਨ ਅਤੇ ਸਿਆਸੀ ਲਾਹਾ ਲੈਣ ਦੀ ਨੀਅਤ ਨਾਲ ਫੈਲਾਈ ਗਈ ਸੀ।


ਕੰਗ ਨੇ ਕਿਹਾ ਕਿ ਇਹ ਕੋਈ ਗਲਤੀ ਜਾਂ ਗਲਤਫਹਿਮੀ ਨਹੀਂ ਹੈ। ਇਹ ਧੋਖਾਧੜੀ ਦੀ ਇੱਕ ਅਜਿਹੀ ਕਾਰਵਾਈ ਹੈ ਜੋ ਸਿੱਖ ਧਰਮ ਅਤੇ ਕਦਰਾਂ-ਕੀਮਤਾਂ 'ਤੇ ਸਿੱਧਾ ਹਮਲਾ ਕਰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਸਿਆਸੀ ਲਾਹੇ ਲਈ ਝੂਠ ਅਤੇ ਹੇਰਾਫੇਰੀ ਰਾਹੀਂ ਸਿੱਖ ਗੁਰੂਆਂ ਦੀ ਪਵਿੱਤਰਤਾ ਦਾ ਸਹਾਰਾ ਲੈਣਾ ਇੱਕ ਨਾ-ਮਾਫ਼ੀਯੋਗ ਨੈਤਿਕ ਅਪਰਾਧ ਹੈ।


ਕੰਗ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਸਿੱਖ ਗੁਰੂਆਂ ਨੇ ਆਪਣੀਆਂ ਜਾਨਾਂ ਸੱਤਾ ਜਾਂ ਵਿਸ਼ੇਸ਼ ਅਧਿਕਾਰਾਂ ਲਈ ਨਹੀਂ, ਸਗੋਂ ਧਰਮ, ਸੱਚ, ਮਨੁੱਖੀ ਸਨਮਾਨ ਅਤੇ ਜ਼ਮੀਰ ਦੀ ਆਜ਼ਾਦੀ ਲਈ ਵਾਰੀਆਂ ਸਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਦੇਸ਼ ਦੀ ਨੈਤਿਕ ਰੀੜ੍ਹ ਦੀ ਹੱਡੀ ਰਹੀ ਹੈ ਅਤੇ ਜਦੋਂ ਉਸ ਦੇ ਵਿਸ਼ਵਾਸ 'ਤੇ ਹਮਲਾ ਹੁੰਦਾ ਹੈ, ਤਾਂ ਉਹ ਚੁੱਪ ਦੀ ਨਹੀਂ ਬਲਕਿ ਨਿਆਂ ਦੀ ਉਮੀਦ ਕਰਦੀ ਹੈ।


‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਅਜਿਹੀ ਘਟਨਾ ਉਸ ਸਮੇਂ ਵਾਪਰੀ ਜਦੋਂ ਸਿੱਖ ਕੌਮ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੀ ਸੀ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨੈਤਿਕ ਉਲੰਘਣਾ ਦਾ ਸਭ ਤੋਂ ਵੱਡਾ ਰੂਪ ਹਨ।


ਪ੍ਰਧਾਨ ਮੰਤਰੀ ਦੀ ਜ਼ਮੀਰ ਅਤੇ ਅਗਵਾਈ ਨੂੰ ਸਿੱਧੀ ਅਪੀਲ ਕਰਦਿਆਂ ਕੰਗ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਚੁੱਪ ਜਾਂ ਅਣਗਹਿਲੀ ਨੂੰ ਸਹਿਮਤੀ ਵਜੋਂ ਦੇਖੇ ਜਾਣ ਦਾ ਖਤਰਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਪਿਲ ਮਿਸ਼ਰਾ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ, ਜਿਸ ਵਿੱਚ ਉਸ ਨੂੰ ਸਾਰੇ ਅਹੁਦਿਆਂ ਤੋਂ ਹਟਾਉਣਾ ਅਤੇ ਉਸ ਦੀਆਂ ਹਰਕਤਾਂ ਦੀ ਜਨਤਕ ਤੌਰ 'ਤੇ ਨਿੰਦਾ ਕਰਨਾ ਸ਼ਾਮਲ ਹੋਵੇ।


ਕੰਗ ਨੇ ਕਿਹਾ ਕਿ।ਸਖ਼ਤ ਕਾਰਵਾਈ ਇੱਕ ਸਪੱਸ਼ਟ ਸੰਦੇਸ਼ ਦੇਵੇਗੀ ਕਿ ਗੁਰੂਆਂ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਵੀ ਸਿਆਸੀ ਇੱਛਾ ਧਰਮ ਤੋਂ ਉੱਪਰ ਨਹੀਂ ਹੈ।


ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਮੇਂ ਸਿਰ ਦਖ਼ਲ ਵਿਸ਼ਵਾਸ ਬਹਾਲ ਕਰਨ, ਸਿੱਖ ਕੌਮ ਨੂੰ ਨਿਆਂ ਦਿਵਾਉਣ ਅਤੇ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਮਦਦ ਕਰੇਗਾ ਕਿ ਜਿਨ੍ਹਾਂ ਆਦਰਸ਼ਾਂ ਲਈ ਸਿੱਖ ਗੁਰੂਆਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਹਨ, ਉਹ ਅਜੋਕੇ ਭਾਰਤ ਵਿੱਚ ਵੀ ਸੁਰੱਖਿਅਤ ਰਹਿਣਗੇ।


ਕੰਗ ਨੇ ਦੁਹਰਾਇਆ ਕਿ ਪੰਜਾਬ ਸਿਆਸੀ ਲਾਹੇ ਲਈ ਸਮਾਜ ਨੂੰ ਵੰਡਣ ਜਾਂ ਧਾਰਮਿਕ ਵਿਸ਼ਵਾਸਾਂ ਦੀ ਤੌਹੀਨ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸੱਚ, ਸਦਭਾਵਨਾ ਅਤੇ ਨਿਆਂ ਲਈ ਮਜ਼ਬੂਤੀ ਨਾਲ ਖੜ੍ਹਾ ਰਹੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.