ਤਾਜਾ ਖਬਰਾਂ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੱਕ ਦਿਨਾ ਲੜੀ ਦਾ ਆਖਰੀ ਅਤੇ ਬੇਹੱਦ ਅਹਿਮ ਮੁਕਾਬਲਾ 18 ਜਨਵਰੀ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ ਫੈਸਲਾਕੁੰਨ ਮੈਚ ਲਈ ਭਾਰਤੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਇੰਦੌਰ ਪਹੁੰਚ ਚੁੱਕੀ ਹੈ। ਜਿੱਥੇ ਖਿਡਾਰੀ ਮੈਦਾਨ 'ਤੇ ਪਸੀਨਾ ਵਹਾ ਰਹੇ ਹਨ, ਉੱਥੇ ਹੀ ਮਾਨਸਿਕ ਸ਼ਾਂਤੀ ਅਤੇ ਜਿੱਤ ਦੀ ਅਰਦਾਸ ਲਈ ਉਹ ਅਧਿਆਤਮਿਕ ਸ਼ਰਨ ਵਿੱਚ ਵੀ ਪਹੁੰਚ ਰਹੇ ਹਨ। ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਤੋਂ ਬਾਅਦ ਹੁਣ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਪਿਨਰ ਕੁਲਦੀਪ ਯਾਦਵ ਨੇ ਉਜੈਨ ਦੇ ਵਿਸ਼ਵ ਪ੍ਰਸਿੱਧ ਮਹਾਂਕਾਲੇਸ਼ਵਰ ਮੰਦਰ ਵਿੱਚ ਮੱਥਾ ਟੇਕਿਆ।
ਭਸਮ ਆਰਤੀ ਵਿੱਚ ਲਗਾਈ ਹਾਜ਼ਰੀ
ਸ਼ਨੀਵਾਰ ਸਵੇਰੇ ਵਿਰਾਟ ਕੋਹਲੀ ਅਤੇ ਕੁਲਦੀਪ ਯਾਦਵ ਨੇ ਮੰਦਰ ਵਿੱਚ ਵਿਸ਼ੇਸ਼ ਹਾਜ਼ਰੀ ਭਰੀ। ਦੋਵੇਂ ਖਿਡਾਰੀ ਸਵੇਰੇ 4 ਵਜੇ ਹੋਣ ਵਾਲੀ ਮਸ਼ਹੂਰ ਭਸਮ ਆਰਤੀ ਵਿੱਚ ਸ਼ਾਮਲ ਹੋਏ। ਲਗਭਗ 2 ਘੰਟੇ ਤੱਕ ਨੰਦੀ ਹਾਲ ਵਿੱਚ ਬੈਠ ਕੇ ਦੋਵੇਂ ਖਿਡਾਰੀ ਸ਼ਿਵ ਭਗਤੀ ਵਿੱਚ ਲੀਨ ਨਜ਼ਰ ਆਏ। ਆਰਤੀ ਤੋਂ ਬਾਅਦ ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਜਲ ਅਰਪਿਤ ਕਰਕੇ ਆਸ਼ੀਰਵਾਦ ਲਿਆ। ਮੰਦਰ ਕਮੇਟੀ ਵੱਲੋਂ ਦੋਵਾਂ ਸਿਤਾਰਿਆਂ ਨੂੰ ਬਾਬਾ ਮਹਾਂਕਾਲ ਦੀ ਤਸਵੀਰ ਅਤੇ ਪ੍ਰਸਾਦ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਕੇ.ਐਲ. ਰਾਹੁਲ ਅਤੇ ਗੌਤਮ ਗੰਭੀਰ ਨੇ ਵੀ ਇੱਥੇ ਪਹੁੰਚ ਕੇ ਪੂਜਾ-ਅਰਚਨਾ ਕੀਤੀ ਸੀ।
ਇੰਦੌਰ 'ਚ ਕੋਹਲੀ ਦੇ ਰਿਕਾਰਡ 'ਤੇ ਨਜ਼ਰਾਂ
ਵਿਰਾਟ ਕੋਹਲੀ ਲਈ ਭਲਕੇ ਦਾ ਮੈਚ ਨਿੱਜੀ ਤੌਰ 'ਤੇ ਵੀ ਕਾਫ਼ੀ ਅਹਿਮ ਹੈ। ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਕੋਹਲੀ ਦਾ ਪਿਛਲਾ ਰਿਕਾਰਡ ਬਹੁਤਾ ਸ਼ਾਨਦਾਰ ਨਹੀਂ ਰਿਹਾ। ਇੱਥੇ ਖੇਡੀਆਂ ਗਈਆਂ ਚਾਰ ਪਾਰੀਆਂ ਵਿੱਚ ਉਨ੍ਹਾਂ ਦੇ ਬੱਲੇ ਤੋਂ ਸਿਰਫ਼ 99 ਰਨ ਨਿਕਲੇ ਹਨ ਅਤੇ ਉਹ ਹਾਲੇ ਤੱਕ ਕੋਈ ਅਰਧ ਸੈਂਕੜਾ ਨਹੀਂ ਲਗਾ ਸਕੇ ਹਨ।
ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਮਹਾਂਕਾਲ ਦੇ ਆਸ਼ੀਰਵਾਦ ਨਾਲ ਕੋਹਲੀ ਆਪਣਾ ਇਹ ਸੁੱਕਾ ਖ਼ਤਮ ਕਰਨਗੇ ਅਤੇ ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰੇਗੀ।
Get all latest content delivered to your email a few times a month.