ਤਾਜਾ ਖਬਰਾਂ
ਡੇਰਾ ਸੱਚਾ ਸੌਦਾ, ਸਿਰਸਾ ਨਾਲ ਸੰਬੰਧਤ ਸ਼ਾਹ ਸਤਨਾਮ ਜੀ ਕ੍ਰਿਕਟ ਅਕੈਡਮੀ ਦਾ ਹੋਨਹਾਰ ਨੌਜਵਾਨ ਆਲਰਾਊਂਡਰ ਕਨਿਸ਼ਕ ਚੌਹਾਨ ਨੇ ਕ੍ਰਿਕਟ ਦੇ ਵੱਡੇ ਮੰਚ ’ਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਆਈਪੀਐਲ 2026 ਲਈ ਹੋਈ ਮਿੰਨੀ ਨਿਲਾਮੀ ਦੌਰਾਨ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਕਨਿਸ਼ਕ ਚੌਹਾਨ ਨੂੰ 30 ਲੱਖ ਰੁਪਏ ਦੀ ਬੇਸ ਪ੍ਰਾਈਸ ’ਤੇ ਆਪਣੇ ਦਲ ਵਿੱਚ ਸ਼ਾਮਲ ਕੀਤਾ ਹੈ। ਹੁਣ ਕਨਿਸ਼ਕ ਆਈਪੀਐਲ ਦੇ ਆਉਣ ਵਾਲੇ ਸੀਜ਼ਨ ਵਿੱਚ ਆਰਸੀਬੀ ਲਈ ਬੱਲੇ ਅਤੇ ਗੇਂਦ ਦੋਹਾਂ ਨਾਲ ਆਪਣਾ ਜਲਵਾ ਦਿਖਾਉਂਦਾ ਨਜ਼ਰ ਆਵੇਗਾ।
ਇਸ ਸ਼ਾਨਦਾਰ ਉਪਲਬਧੀ ’ਤੇ ਸ਼ਾਹ ਸਤਨਾਮ ਜੀ ਵਿਦਿਅਕ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਸਪੋਰਟਸ ਐਚਓਡੀ ਡਾ. ਨਵਜੀਤ ਸਿੰਘ ਭੁੱਲਰ, ਸ਼ਾਹ ਸਤਨਾਮ ਜੀ ਬੁਆਏਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਇੰਸਾਂ, ਸਕੂਲ ਪ੍ਰਿੰਸੀਪਲ ਆਰ.ਕੇ. ਧਵਨ ਇੰਸਾਂ, ਕ੍ਰਿਕਟ ਅਕੈਡਮੀ ਦੇ ਕੋਚ ਜਸਕਰਨ ਸਿੰਘ ਸਿੱਧੂ, ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਅਨਿਰੁਧ ਚੌਧਰੀ ਅਤੇ ਸਿਰਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੇਨੀਵਾਲ ਵੱਲੋਂ ਕਨਿਸ਼ਕ ਨੂੰ ਵਧਾਈ ਦਿੱਤੀ ਗਈ।
ਮੌਜੂਦਾ ਸਮੇਂ ਵਿੱਚ ਕਨਿਸ਼ਕ ਚੌਹਾਨ ਦੁਬਈ ਵਿੱਚ ਹੋ ਰਹੇ ਅੰਡਰ-19 ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ। ਪਾਕਿਸਤਾਨ ਖਿਲਾਫ਼ ਖੇਡੇ ਗਏ ਲੀਗ ਮੈਚ ਵਿੱਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 46 ਦੌੜਾਂ ਬਣਾਈਆਂ ਅਤੇ ਤਿੰਨ ਵਿਕਟਾਂ ਹਾਸਲ ਕਰਕੇ ‘ਪਲੇਅਰ ਆਫ਼ ਦ ਮੈਚ’ ਦਾ ਖਿਤਾਬ ਜਿੱਤਿਆ। ਕਨਿਸ਼ਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਦੇਸ਼ ਦੌਰਿਆਂ ਤੋਂ ਪਹਿਲਾਂ ਉਹ ਡੇਰਾ ਸੱਚਾ ਸੌਦਾ ਦੇ ਮੁਖੀ ਆਪਣੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲਿਆ ਸੀ ਅਤੇ ਉਨ੍ਹਾਂ ਦੇ ਆਸ਼ੀਰਵਾਦ ਨੂੰ ਹੀ ਆਪਣੀ ਸਫਲਤਾ ਦਾ ਮੁੱਖ ਕਾਰਨ ਮੰਨਦਾ ਹੈ।
ਆਰਸੀਬੀ ਵੱਲੋਂ ਆਈਪੀਐਲ 2026 ਲਈ ਚੁਣੇ ਜਾਣ ਦੀ ਖੁਸ਼ੀ ਵਿੱਚ ਸ਼ਾਹ ਸਤਨਾਮ ਜੀ ਬੁਆਏਜ਼ ਸਕੂਲ ਅਤੇ ਕਾਲਜ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਮਿਠਾਈ ਵੰਡ ਕੇ ਖੁਸ਼ੀ ਮਨਾਈ ਗਈ। ਕੋਚ ਜਸਕਰਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਇੰਸਾਂ ਨੇ ਜਾਣਕਾਰੀ ਦਿੱਤੀ ਕਿ ਅਬੂ ਧਾਬੀ (ਯੂਏਈ) ਵਿੱਚ ਹੋਈ ਮਿੰਨੀ ਨਿਲਾਮੀ ਵਿੱਚ 1,390 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 359 ਖਿਡਾਰੀ ਸ਼ਾਰਟਲਿਸਟ ਕੀਤੇ ਗਏ। ਇਨ੍ਹਾਂ ਵਿੱਚ 247 ਭਾਰਤੀ ਅਤੇ 112 ਵਿਦੇਸ਼ੀ ਖਿਡਾਰੀ ਸ਼ਾਮਲ ਸਨ। ਇਸ ਸੂਚੀ ਵਿੱਚੋਂ ਕਨਿਸ਼ਕ ਚੌਹਾਨ ਨੂੰ ਆਰਸੀਬੀ ਨੇ ਆਪਣੇ ਦਲ ਲਈ ਚੁਣਿਆ।
ਜ਼ਿਕਰਯੋਗ ਹੈ ਕਿ ਕਨਿਸ਼ਕ ਇਸ ਸਮੇਂ ਸ਼ਾਹ ਸਤਨਾਮ ਜੀ ਬੁਆਏਜ਼ ਕਾਲਜ, ਸਿਰਸਾ ਵਿੱਚ ਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ ਅਤੇ ਪਿਛਲੇ 10 ਸਾਲਾਂ ਤੋਂ ਸ਼ਾਹ ਸਤਨਾਮ ਜੀ ਕ੍ਰਿਕਟ ਅਕੈਡਮੀ ਵਿੱਚ ਨਿਰੰਤਰ ਅਭਿਆਸ ਕਰ ਰਿਹਾ ਹੈ। ਇੰਗਲੈਂਡ ਅਤੇ ਆਸਟਰੇਲੀਆ ਦੌਰਿਆਂ ਦੌਰਾਨ ਭਾਰਤੀ ਅੰਡਰ-19 ਟੀਮ ਦੀ ਜਿੱਤ ਵਿੱਚ ਵੀ ਉਸਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਸ ਨਾਲ ਉਸਨੇ ਦੇਸ਼ ਅਤੇ ਸਿਰਸਾ ਦਾ ਨਾਮ ਰੌਸ਼ਨ ਕੀਤਾ ਹੈ।
Get all latest content delivered to your email a few times a month.