ਤਾਜਾ ਖਬਰਾਂ
ਸਾਊਦੀ ਅਰਬ ਦੇ ਸਭ ਤੋਂ ਬਜ਼ੁਰਗ ਵਿਅਕਤੀ ਮੰਨੇ ਜਾਂਦੇ ਨਾਸਿਰ ਬਿਨ ਰਾਦਾਨ ਅਲ ਰਾਸ਼ਿਦ ਅਲ ਵਦਾਈ ਦਾ 142 ਸਾਲ ਦੀ ਉਮਰ ਵਿੱਚ ਇੰਤਕਾਲ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਇੱਕ ਵਿਅਕਤੀ, ਸਗੋਂ ਸਾਊਦੀ ਅਰਬ ਦੇ ਇਤਿਹਾਸ ਦਾ ਇੱਕ ਜੀਵਤ ਅਧਿਆਇ ਵੀ ਮੁਕੰਮਲ ਹੋ ਗਿਆ। ਸਥਾਨਕ ਮੀਡੀਆ ਮੁਤਾਬਕ, ਦੱਖਣੀ ਸਾਊਦੀ ਅਰਬ ਦੇ ਦਹਰਾਨ ਅਲ ਜਨੌਬ ਵਿੱਚ ਉਨ੍ਹਾਂ ਦੀ ਅੰਤਿਮ ਨਮਾਜ਼ ਅਦਾ ਕੀਤੀ ਗਈ, ਜਿਸ ਉਪਰਾਂਤ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਅਲ ਰਾਸ਼ਿਦ ਵਿੱਚ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ 7 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ।
ਨਾਸਿਰ ਅਲ ਵਦਾਈ ਦਾ ਜਨਮ ਉਸ ਦੌਰ ਵਿੱਚ ਹੋਇਆ ਸੀ, ਜਦੋਂ ਸਾਊਦੀ ਅਰਬ ਇੱਕ ਰਾਜ ਵਜੋਂ ਅਜੇ ਇਕੱਠਾ ਨਹੀਂ ਹੋਇਆ ਸੀ। ਉਨ੍ਹਾਂ ਨੇ ਰਾਜਾ ਅਬਦੁਲਅਜ਼ੀਜ਼ ਤੋਂ ਲੈ ਕੇ ਮੌਜੂਦਾ ਰਾਜਾ ਸਲਮਾਨ ਤੱਕ ਦੇ ਦੌਰ ਦੇ ਦਰਸ਼ਨ ਕੀਤੇ। ਉਨ੍ਹਾਂ ਦੀ ਲੰਬੀ ਜ਼ਿੰਦਗੀ ਸਾਊਦੀ ਅਰਬ ਦੇ ਕਬਾਇਲੀ ਸਮਾਜ ਤੋਂ ਆਧੁਨਿਕ ਰਾਸ਼ਟਰ ਬਣਨ ਤੱਕ ਦੇ ਸਫ਼ਰ ਦੀ ਗਵਾਹ ਰਹੀ। ਇਸੇ ਕਰਕੇ ਲੋਕ ਉਨ੍ਹਾਂ ਨੂੰ “ਪੁਰਾਣੇ ਸਾਊਦੀ ਅਰਬ ਦਾ ਆਖਰੀ ਗਵਾਹ” ਕਹਿੰਦੇ ਸਨ।
ਪਰਿਵਾਰਕ ਮੈਂਬਰਾਂ ਅਨੁਸਾਰ, ਨਾਸਿਰ ਅਲ ਵਦਾਈ ਬੇਹੱਦ ਧਾਰਮਿਕ ਅਤੇ ਸਾਦਗੀ ਭਰੀ ਜ਼ਿੰਦਗੀ ਜੀਉਂਦੇ ਸਨ। ਉਨ੍ਹਾਂ ਨੇ ਆਪਣੀ ਉਮਰ ਦੌਰਾਨ 40 ਤੋਂ ਵੱਧ ਵਾਰ ਹੱਜ ਅਦਾ ਕੀਤਾ, ਜੋ ਆਪਣੇ ਆਪ ਵਿੱਚ ਇੱਕ ਵਿਲੱਖਣ ਉਪਲਬਧੀ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 110 ਸਾਲ ਦੀ ਉਮਰ ਵਿੱਚ ਆਖਰੀ ਵਾਰ ਵਿਆਹ ਕੀਤਾ ਅਤੇ ਉਸ ਵਿਆਹ ਤੋਂ ਇੱਕ ਧੀ ਵੀ ਹੋਈ। ਉਨ੍ਹਾਂ ਦੇ ਪਰਿਵਾਰ ਵਿੱਚ ਕੁੱਲ 134 ਪੋਤੇ-ਪੋਤੀਆਂ ਦੱਸੇ ਜਾਂਦੇ ਹਨ।
ਨਾਸਿਰ ਅਲ ਵਦਾਈ ਦੇ ਦੇਹਾਂਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ। ਲੋਕ ਉਨ੍ਹਾਂ ਨੂੰ ਲੰਬੀ ਉਮਰ, ਅਟੱਲ ਵਿਸ਼ਵਾਸ ਅਤੇ ਅਸੀਮ ਸਬਰ ਦਾ ਪ੍ਰਤੀਕ ਕਰਾਰ ਦੇ ਰਹੇ ਹਨ। ਕਈ ਲੋਕਾਂ ਨੇ ਲਿਖਿਆ ਕਿ ਉਹ ਸਿਰਫ਼ ਇੱਕ ਇਨਸਾਨ ਨਹੀਂ, ਸਗੋਂ ਸਾਊਦੀ ਅਰਬ ਦੇ ਇਤਿਹਾਸ ਦੀ ਇੱਕ ਜੀਵਤ ਕਿਤਾਬ ਸਨ।
Get all latest content delivered to your email a few times a month.