ਤਾਜਾ ਖਬਰਾਂ
ਕੈਨੇਡਾ ਦੀ ਇਤਿਹਾਸਕ ਸੋਨੇ ਦੀ ਸਭ ਤੋਂ ਵੱਡੀ ਡਕੈਤੀ ਮਾਮਲੇ ਵਿੱਚ ਨਿੱਤ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਸਾਲ 2023 ਵਿੱਚ ਹੋਈ ਇਸ ਮੈਗਾ ਲੁੱਟ ਦੌਰਾਨ ਕਰੀਬ 400 ਕਿਲੋ ਸੋਨਾ ਚੋਰੀ ਹੋਇਆ ਸੀ, ਜਿਸਦੀ ਕੀਮਤ ਲਗਭਗ 20 ਮਿਲੀਅਨ ਕੈਨੇਡੀਅਨ ਡਾਲਰ (ਕਰੀਬ 166 ਕਰੋੜ ਰੁਪਏ) ਅੰਕਲੀ ਗਈ। ਹੁਣ ਇਸ ਮਾਮਲੇ ਵਿੱਚ ਕੈਨੇਡਾ ਸਰਕਾਰ ਨੇ ਮੁੱਖ ਮੁਲਜ਼ਮ ਪ੍ਰੀਤ ਪਨੇਸਰ ਦੀ ਭਾਰਤ ਤੋਂ ਹਵਾਲਗੀ ਲਈ ਰਸਮੀ ਤੌਰ ’ਤੇ ਭਾਰਤੀ ਅਧਿਕਾਰੀਆਂ ਕੋਲ ਬੇਨਤੀ ਭੇਜੀ ਹੈ।
ਪੀਲ ਰੀਜਨਲ ਪੁਲਿਸ ਨੇ 12 ਜਨਵਰੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ “ਪ੍ਰੋਜੈਕਟ 24K” ਤਹਿਤ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਭਾਰਤ ਵਿੱਚ ਮੌਜੂਦ ਪ੍ਰੀਤ ਪਨੇਸਰ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸਦੇ ਨਾਲ ਹੀ ਟੋਰਾਂਟੋ ਹਵਾਈ ਅੱਡੇ ਤੋਂ ਇਕ ਹੋਰ ਮੁੱਖ ਸ਼ੱਕੀ ਅਰਸਲਾਨ ਚੌਧਰੀ ਦੀ ਗ੍ਰਿਫ਼ਤਾਰੀ ਨੂੰ ਜਾਂਚ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।
ਜਾਂਚ ਏਜੰਸੀਆਂ ਮੁਤਾਬਕ ਪ੍ਰੀਤ ਪਨੇਸਰ ਇਸ ਡਕੈਤੀ ਦਾ ਮਾਸਟਰਮਾਈਂਡ ਸੀ। ਉਹ ਏਅਰ ਕੈਨੇਡਾ ਦਾ ਕਰਮਚਾਰੀ ਰਹਿ ਚੁੱਕਾ ਹੈ ਅਤੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਸੋਨੇ ਨਾਲ ਭਰੇ ਕਾਰਗੋ ਬਾਕਸ ਦੀ ਪਛਾਣ ਅਤੇ ਹਵਾਈ ਕਾਰਗੋ ਸਿਸਟਮ ਵਿੱਚ ਹੇਰਾਫੇਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਫਰਵਰੀ 2025 ਵਿੱਚ ਪਨੇਸਰ ਨੂੰ ਚੰਡੀਗੜ੍ਹ ਨੇੜੇ ਮੁਹਾਲੀ ਵਿੱਚ ਇਕ ਕਿਰਾਏ ਦੇ ਘਰ ਤੋਂ ਲੱਭਿਆ ਗਿਆ ਸੀ, ਜਿਸ ਤੋਂ ਬਾਅਦ ਉਹ ਪੰਜਾਬ ਦੇ ਕਿਸੇ ਗੁਪਤ ਸਥਾਨ ’ਤੇ ਰਹਿ ਰਿਹਾ ਹੈ।
ਭਾਰਤ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪ੍ਰੀਤ ਪਨੇਸਰ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ED ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਕੈਤੀ ਤੋਂ ਬਾਅਦ ਹਵਾਲਾ ਨੈੱਟਵਰਕਾਂ ਰਾਹੀਂ ਲਗਭਗ ₹8.5 ਕਰੋੜ ਤੋਂ ਵੱਧ ਰਕਮ ਕੈਨੇਡਾ ਅਤੇ ਦੁਬਈ ਦੇ ਰਸਤੇ ਭਾਰਤ ਭੇਜੀ ਗਈ। ਅਧਿਕਾਰੀਆਂ ਨੇ ਪਨੇਸਰ ਦੇ ਮੋਬਾਈਲ ਫੋਨ ਤੋਂ ਫੰਡ ਟ੍ਰਾਂਸਫਰ ਨਾਲ ਸੰਬੰਧਿਤ ਕਈ ਅਹਿਮ ਮੈਸੇਜ ਵੀ ਬਰਾਮਦ ਕੀਤੇ ਹਨ।
ED ਦੇ ਅਨੁਸਾਰ, ਇਸ ਗੈਰਕਾਨੂੰਨੀ ਦੌਲਤ ਦਾ ਇੱਕ ਵੱਡਾ ਹਿੱਸਾ ਪਨੇਸਰ ਦੀ ਪਤਨੀ ਪ੍ਰੀਤੀ ’ਤੇ ਖਰਚਿਆ ਗਿਆ, ਜੋ ਕਿ ਇੱਕ ਪੰਜਾਬੀ ਗਾਇਕਾ ਦੱਸੀ ਜਾ ਰਹੀ ਹੈ। ਦੋਹਾਂ ਨੇ ਮਿਲ ਕੇ ਇੱਕ ਕੰਪਨੀ ਬਣਾਈ ਸੀ, ਜਿਸਦੇ ਬੈਂਕ ਖਾਤਿਆਂ ਰਾਹੀਂ ਫਿਲਮ ਨਿਰਮਾਣ ਅਤੇ ਸੰਗੀਤ ਉਦਯੋਗ ਵਿੱਚ ਸ਼ੱਕੀ ਨਿਵੇਸ਼ ਕੀਤੇ ਗਏ। ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਨੌਂ ਲੋਕਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਕੈਨੇਡਾ ਅਤੇ ਭਾਰਤ ਦੀਆਂ ਜਾਂਚ ਏਜੰਸੀਆਂ ਦਰਮਿਆਨ ਸਹਿਯੋਗ ਨਾਲ ਇਹ ਮਾਮਲਾ ਹੋਰ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਅਰਸਲਾਨ ਚੌਧਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਉਮੀਦ ਹੈ ਕਿ ਡਕੈਤੀ ਨਾਲ ਜੁੜੀ ਪੂਰੀ ਸਾਜ਼ਿਸ਼ ਅਤੇ ਪੈਸੇ ਦੇ ਜਾਲ ਦਾ ਪਰਦਾਫਾਸ਼ ਜਲਦ ਹੋ ਸਕੇਗਾ।
Get all latest content delivered to your email a few times a month.