ਤਾਜਾ ਖਬਰਾਂ
ਅਮਰੀਕਾ ਦੇ ਨਿਊ ਜਰਸੀ ਰਾਜ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੀ ਇੱਕ ਮਹਿਲਾ ਨੇ ਕਥਿਤ ਤੌਰ ’ਤੇ ਆਪਣੇ ਹੀ ਦੋ ਨਾਬਾਲਿਗ ਪੁੱਤਰਾਂ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ।
ਪੁਲਿਸ ਅਧਿਕਾਰੀਆਂ ਮੁਤਾਬਕ ਦੋਵੇਂ ਬੱਚੇ 5 ਅਤੇ 7 ਸਾਲ ਦੀ ਉਮਰ ਦੇ ਸਨ। ਦੋਸ਼ੀ ਮਹਿਲਾ ਦੀ ਪਛਾਣ ਨਿਊ ਜਰਸੀ ਦੇ ਹਿਲਸਬਰੋ ਇਲਾਕੇ ਦੀ ਰਹਿਣ ਵਾਲੀ 35 ਸਾਲਾ ਪ੍ਰਿਯਥਰਸਿਨੀ ਨਟਰਾਜਨ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਬੱਚਿਆਂ ਦੇ ਪਿਤਾ ਨੇ ਕੰਮ ਤੋਂ ਘਰ ਪਰਤਣ ਉਪਰੰਤ ਆਪਣੇ ਦੋਵੇਂ ਪੁੱਤਰਾਂ ਨੂੰ ਬੇਹੋਸ਼ ਹਾਲਤ ਵਿੱਚ ਦੇਖਿਆ, ਜਿਸ ਤੋਂ ਬਾਅਦ ਉਸਨੇ ਤੁਰੰਤ 911 ’ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ।
ਸਮਰਸੈੱਟ ਕਾਉਂਟੀ ਦੇ ਵਕੀਲ ਜੌਨ ਮੈਕਡੋਨਲਡ ਨੇ ਦੱਸਿਆ ਕਿ 13 ਜਨਵਰੀ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਜਦੋਂ ਪੁਲਿਸ ਟੀਮ ਮੌਕੇ ’ਤੇ ਪਹੁੰਚੀ, ਤਾਂ ਘਰ ਦੇ ਇੱਕ ਬੈੱਡਰੂਮ ਵਿੱਚ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਸ਼ੁਰੂਆਤੀ ਜਾਂਚ ਦੌਰਾਨ ਪਿਤਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸਦੀ ਪਤਨੀ ਨੇ ਬੱਚਿਆਂ ਨਾਲ ਕੁਝ ਗਲਤ ਕੀਤਾ ਹੋ ਸਕਦਾ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਪਹਿਲੇ ਦਰਜੇ ਦੇ ਕਤਲ ਦੇ ਦੋ ਦੋਸ਼ ਲਗਾਏ ਗਏ ਹਨ, ਨਾਲ ਹੀ ਹਥਿਆਰ ਰੱਖਣ ਸੰਬੰਧੀ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਗਿਆ ਹੈ। ਅਧਿਕਾਰੀ ਮੌਤ ਦੇ ਅਸਲ ਕਾਰਨਾਂ ਅਤੇ ਇਸ ਭਿਆਨਕ ਕਦਮ ਦੇ ਪਿੱਛੇ ਦੇ ਮਕਸਦ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਨ।
Get all latest content delivered to your email a few times a month.